ਉੱਤਰ ਵਿਚ ਜੋ ਦਮਕ ਰਹਿਆ ਹੈ
ਓਸ ਧਰੂ ਦੀ ਸ਼ਾਨ ਦਾ ।
ਉੱਤਰ ਜਾ ਕੇ ਤਾਰਾ ਟੁੱਟਾ
ਭਾਰਤ ਦੇ ਅਸਮਾਨ ਦਾ।
ਚਾਰ ਦਿਨਾਂ ਵਿਚ ਹੀ ਇਹ ਤਾਰਾ
ਦੁਨੀਆ ਤੇ ਸੀ ਛਾ ਗਇਆ।
ਚੜਿਆ ਤਾਂ ਝਟ ਪਟ ਓੜਕ ਦਾ
ਚਾਨਣ ਉਸ ਵਿਚ ਆ ਗਇਆ ।
ਕੁਝ ਦਿਨ ਹੀ ਜਲਵਾ ਦਿਖਲਾ ਕੇ
ਰਾਹ ਸਦੀਵੀ ਪਾ ਗਇਆ ।
ਨਿੱਕਾ ਜਿਹਾ ਸਰੀਰੋਂ ਸੀ ਪਰ
ਵੱਡਾ ਸੀ ਉਹ ਜਾਨ ਦਾ।
ਉਤਰ ਜਾ ਕੇ ਤਾਰਾ ਟੁੱਟਾ......
ਭਾਰਤ ਦੀ ਲਾਲੀ ਦਾ ਤਾਰਾ
ਪਿਆਰ ਸੀ ਏਨਾ ਪਾ ਗਇਆ ।
ਖਿਚ ਲਇਆ ਪਛਮ ਦਾ ਤਾਰਾ
ਇਹ ਸੀ ਏਨਾ ਭਾ ਗਇਆ।
ਉੱਤਰ ਦਾ ਤਾਰਾ ਵੀ ਆਪੂੰ
ਚਲ ਕੇ ਏਧਰ ਆ ਗਇਆ ।
ਟੁੱਟਾ ਹੋਇਆ ਵੀ ਇਹ ਵੇਖੋ
ਦੋਇ ਅਜੋੜ ਮਿਲਾ ਗਇਆ।
ਪੀਲਾ ਹੋਇਆ ਪੂਰਬ ਵਾਲਾ
ਦੋਖੀ ਹਿੰਦੁਸਤਾਨ ਦਾ ।
ਉੱਤਰ ਜਾ ਕੇ ਤਾਰਾ ਟੁਟਾ ...
ਨਰਮ ਤਬਅ ਦਾ ਮਾਲਕ ਸੀ ਉਹ
ਪਰ ਦਿਲ ਦਾ ਫ਼ੌਲਾਦ ਸੀ ।
ਨੇਕ ਬੜਾ ਸੀ ਉਸ ਤੋਂ ਐਪਰ
ਡਰਦਾ ਹਰ ਸੱਯਾਦ ਸੀ।
ਸਾਰੀ ਉਮਰ ਫਕੀਰੀ ਕੱਟੀ
ਇਸ ਵਿਚ ਉਨੂੰ ਸਵਾਦ ਸੀ ।
ਸਾਡਾ ਲਾਲ ਬਹਾਦਰ ਏਸੇ
ਕਾਰਨ ਜ਼ਿੰਦਾਬਾਦ ਸੀ।
ਮਿੱਤਰ ਚੰਗੇ ਦਾ ਸੀ ਉਹ, ਤੇ
ਦੁਸ਼ਮਣ ਬੇਈਮਾਨ ਦਾ।
ਉੱਤਰ ਜਾ ਕੇ ਤਾਰਾ ਟੁਟਾ ...
ਲੋਹੜੇ ਹਥੀ ਲੋਹੜੀ, ਸਾਡੇ
ਹੋਣੀ ਬਣ ਕੇ ਆ ਗਈ ।
ਖੁਸ਼ੀਆਂ ਦੇ ਖਲਿਆਣਾਂ ਤਾਈਂ
ਲਾਂਬੂ ਕਿੱਦਾਂ ਲਾ ਗਈ ।
ਭਾਰਤ ਮਾਂ ਦਾ ਲਾਲ ਬਹਾਦੁਰ
ਅਗ ਦਾ ਰੂਪ ਬਣਾ ਗਈ ।
ਮਾਤਮ ਰੂਪੀ ਕਾਲੀ ਨ੍ਹੇਰੀ
ਸਾਰੇ ਜਗ ਤੇ ਛਾ ਗਈ ।
ਹਾਲ ਬੁਰਾ ਹੋਇਆ ਹਰ ਬੱਚੇ
ਬੁਢੇ ਅਤੇ ਜਵਾਨ ਦਾ।
ਉੱਤਰ ਜਾ ਕੇ ਤਾਰਾ ਟੁੱਟਾ ...
ਰਾਂਝਾ ਬਣ ਕੇ ਜਿਸ ਨੇ ਲੱਭਾ
ਆਜ਼ਾਦੀ ਦੀ ਹੀਰ ਨੂੰ।
ਅਮਨ ਲਈ ਜਿਸ ਜੰਗ ਮਚਾਇਆ
ਪਲਟਾਇਆ ਤਕਦੀਰ ਨੂੰ
ਫੁੱਲਾਂ ਨਾਲ ਸਜਾਉ ਸਜਣੋ
ਅਜ ਉਸ ਦੀ ਤਸਵੀਰ ਨੂੰ
ਜ਼ਿੰਦਾਬਾਦ ਕਹੋ ਅਜ ਓਸੇ
ਲਾਲ ਬਹਾਦੁਰ ਵੀਰ ਨੂੰ
ਸਾਰਾ ਜਗ ‘ਹਮਦਰਦ' ਬਣਾਇਆ
ਜਿਸਨੇ ਦੇਸ਼ ਮਹਾਨ ਦਾ
ਉੱਤਰ ਜਾ ਕੇ ਤਾਰਾ ਟੁੱਟਾ ...