ਭਟਕ ਰਿਹਾ ਹਾਂ ਮੈਂ ਮੁੱਦਤ ਤੋਂ ਦਰਬਦਰ ਕੈਸਾ।
ਹੈ ਐਬ, ਐਬ ਇਹ ਕੈਸਾ ਹੁਨਰ, ਹੁਨਰ ਕੈਸਾ।
ਮੇਰੇ ਖ਼ਿਲਾਫ ਮੇਰੇ ਦੋਸਤ ਦੀ ਗਵਾਹੀ ਹੈ,
ਮੇਰੇ ਖ਼ਿਲਾਫ ਸ਼ਹਿਰ, ਇਹ ਸ਼ਹਿਰ, ਸ਼ਹਿਰ ਕੈਸਾ।
ਕਿਸੇ ਗ਼ਰੀਬ ਦੀ ਬੇਵਾ ਹੈ ਜ਼ਿੰਦਗੀ ਅਪਣੀ,
ਬਿਨਾ ਸਹਾਰੇ ਕਿਸੇ ਦੇ ਗੁਜ਼ਰ ਬਸਰ ਕੈਸਾ।
ਤੇਰੇ ਬਗ਼ੈਰ ਨਾ ਪੂਰਬ ਕਿਤੇ ਨਾ ਪੱਛਮ ਹੈ,
ਤੇਰੇ ਬਗ਼ੈਰ ਮੇਰਾ ਇਹ ਸਫ਼ਰ, ਸਫ਼ਰ ਕੈਸਾ।
ਮੈਂ ਕੋਈ ਖ਼ਾਬ ਨਾ ਵੇਖਾਂ ਤੇਰੇ ਵਜੂਦ ਬਿਨ,
ਮੇਰਾ ਵਜੂਦ ਵੀ ਹੋਇਆ ਸਿਫਰ, ਸਿਫਰ ਕੈਸਾ।
ਜਮੂਦ ਤੋੜ ਸਕੋ ਤਾਂ ਜਮੂਦ ਤੋੜ ਦਿਓ,
ਜਵਾਰ ਭਾਟਾ ਏ ਹੁੰਦਾ ਲਹਿਰ, ਲਹਿਰ ਕੈਸਾ।
ਲਹੂ ਲਹੂ ਹੈ ਲਹੂ, ਨੂਰ ਹੈ ਤੇ ਨਾਰ ਵੀ ਹੈ,
ਰਗਾਂ 'ਚ ਦੌੜਦਾ ਫਿਰਦਾ ਜ਼ਹਿਰ, ਜ਼ਹਿਰ ਕੈਸਾ।