ਹਵਾਵਾਂ ਦੀ ਰੁਮਕਣ, ਵਰੋਲੇ ਤੇ ਠੱਕੇ,

ਦਾਣਿਆਂ ਦੀ ਮੁੱਠ, ਬੁੱਕ, ਓਕਾਂ ਤੇ ਲੱਪੇ

ਓਹ ਚਿੜੀਏ ਦਾ ਗੋਲਾ, ਤੇ ਹੁਕਮਾਂ ਦੇ ਯੱਕੇ

ਵਖਤਾਂ ਦੇ ਗੇੜ ਗਏ ਸਭ ਡੱਕੇ

ਓਹ ਚੰਨ ਦੀਆਂ ਰਾਤਾਂ ਤੇ ਪਹਿਰਾਂ ਦੇ ਤੜਕੇ

ਓਹ ਹੁੰਘਾਰੇ, ਓਹ ਬਾਤਾਂ, ਸੁਣ ਦਿਲ ਸੀ ਜੋ ਧੜਕੇ

ਓਹ ਘੁੱਗੀਆਂ ਦੀ ਘੂੰ ਘੂੰ, ਓਹ ਚੁੱਪਾਂ ਦੇ ਖੜਕੇ

ਓਹ ਜੰਦਰੇ, ਓਹ ਫ਼ੌੜੇ, ਓਹ ਕੂਚੀਆਂ, ਓਹ ਰੜਕੇ

ਤਰੱਕੀ ਦੇ ਸਿਪਾਹੀ ਲੈ ਗਏ ਸਭ ਨੂੰ  ਫੜਕੇ॥

ਹੁਣ ਕਿਸ ਨੂੰ  ਭਾਉਂਦੀ ਹੈ ਫ਼ਸਲਾਂ ਦੀ ਮਟਕਣ

ਓਹ ਮੱਕੀ ਦੀ ਖੁਸ਼ਬੂ ਓਹ ਟਾਟਾਂ ਦੀ ਖਟਕਣ

ਓਹ ਸੱਗੀਆਂ ਪਰਾਂਦੇ, ਤੇ ਮੱਥੇ ਦੀ ਲਟਕਣ

ਨਾ ਖੁੱਲੇ ਹੁਣ ਵੇਹੜੇ, ਜਨੌਰਾਂ ਦੀ ਫਟਕਣ॥

ਓਹ ਸ਼ਰਮਾ, ਓਹ ਅਣਖਾਂ, ਸੰਜਮ ਤੇ ਸ਼ਰਧਾ

ਦਿਨੋ ਦਿਨ ਜਮਾਨਾ ਸਭ ਜਾਂਦਾ ਹੈ ਹਰਦਾ

'ਮੰਡੇਰ' ਇਹ ਤਰੱਕੀ ਹੈ ਜਾਂ ਮੱਤਾਂ ਦੀ ਸਟਕਣ !

ਇਹ ਅਸਲਾਂ ਤੋਂ ਦੂਰ ਹੋਈਆਂ ਨਸਲਾਂ ਦੀ ਭਟਕਣ॥

📝 ਸੋਧ ਲਈ ਭੇਜੋ