ਵਿਘਿਆਂ ਦੇ ਵਿਚ ਖਿਲਰੀ ਹੋਈ,
ਨਾਲੀਆਂ ਕਿਣਕੇ ਬੀਜੀ ਹੋਈ ।
ਲਟਕਾਂ ਕਣਕ ਵਿਖਾਵੇ ।
ਵਿਚ ਵਿਚਾਲੇ ਰੁੱਤ ਦੀ ਰਾਣੀ ਸਰ੍ਹਿਓਂ,
ਪੀਲੇ ਪੀਲੇ ਫੁੱਲਾਂ ਥੱਲੇ ਪਤਰ ਸਾਵੇ ਸਾਵੇ ।
ਕੀ ਦੱਸਾਂ ਕਹੀ ਸੋਹਣੀ ਲੱਗੇ ।
ਕਿਡੀ ਮਨ ਨੂੰ ਭਾਵੇ ।
ਕਿਉਂ ਕੋਈ ਗਿੱਧਾ ਪਾਵੇ ।
ਲੰਮ ਸਲੰਮੀਆਂ ਪੈਲੀਆਂ ਦੇ ਵਿਚ, ਸਿਧੇ ਪਧਰੇ ਬੰਨੇ,
ਮਾਂਗ ਕਿਸੇ ਮੁਟਿਆਰ ਦੀ ਪਈ, ਭੌਂ ਭੌਂ ਚੇਤੇ ਆਵੇ ।
ਔਹ ਵੇਖੋ ਖਾਂ ਰਾਹੇ ਰਾਹੇ ਸਿਰ ਤੇ ਭੱਤਾ ਚਾ ਕੇ ।
ਕੌਣ ਪਈ ਏ ਜਾਂਦੀ ?
ਲੈਂਦੀ ਚੱਸ ਫੁੱਲਾਂ ਦੀ ।
ਮਨ ਦੇ ਆਪ ਮੁਹਾਰੇ ਜਹੇ ਕਿਸੇ ਜਜ਼ਬੇ ਦੇ ਵਸ ਹੋ ਕੇ ।
ਝੱਟ ਦਾ ਝੱਟ ਖਲੋ ਕੇ ।
ਪੈਰ ਅਗਾਂਹ ਨੂੰ ਚਾਂਦੀ ।
ਨਾ ਇੰਜ ਪੈਂਡਾ ਖੋਟਾ ਹੋਵੇ ।
ਰੁੱਖਾ ਵੀ ਨਾ ਲੱਗੇ ।
ਇਸ ਭੱਤੇ ਨੇ ਪੁਜਣਾ ਏ ਅਜ ਕਿੰਨੀਆਂ ਪੈਲੀਆਂ ਅੱਗੇ ।
ਜਿਥੇ ਉਸ ਦੇ ਦੇਉਰ ਜੇਠ ਤੇ ਕੰਤ ਨੇ ਗੋਡੀ ਲੱਗੇ ।
ਧੰਨ ਸ਼ਾਵਾ ਧੰਨ ਸ਼ਾਵਾ ਤੇਰੇ, ਸੁਘੜ ਸਿਆਣੀਏਂ ਜੱਟੀਏ,
ਤੇਰੇ ਜੀਵਨ ਚਾਲੇ ਮੈਨੂੰ ਉਹਨਾਂ ਤੋਂ ਵਧ ਭਾਂਦੇ ।
ਜਿਹੜੇ ਸਿਰ ਤੇ ਭੱਤਾ ਚਾ ਕੇ,
ਰਾਹ ਦੀਆਂ ਜੋਬਨ ਜੋਤਾਂ ਕੋਲੋਂ ਅੱਖ ਬਚਾ ਕੇ ।
ਦਗ਼ ਦਗ਼ ਕਰਦੇ ਜਾਂਦੇ ।
ਜਾਂ ਮੁੜ ਇੰਜ ਉਹਨਾਂ ਵਿਚ ਰੁੱਝੇ ।
ਮੰਜ਼ਲ ਤੀਕ ਨਾ ਪੁੱਜੇ ।