ਰੰਬੇ ਨਾਲ ਮਿੱਟੀ ਪੁੱਟ ਕੇ, ਤੂੜੀ ਮਿਲਾਈ ਨੀ ।
ਪਾਣੀ ਦੇ ਛਿੱਟੇ ਮਾਰੇਂ, ਰੀਝਾਂ ਜਾਵੇਂ ਲਾਈ ਨੀ ।
ਪੋਚਾ ਪਰੋਲ਼ਾ ਫੇਰੇਂ, ਜਾਵੇਂ ਸਜਾਈ ਨੀ ।
ਭੱਠੀ ਬਣਾ ਸੁਕਾ ਤੂੰ, ਰੱਖ 'ਤੀ ਕੜਾਹੀ ਨੀ ।
ਭੱਠੀ ਨੂੰ ਤਾਉਣ ਵਾਲੀਏ,
ਆਖਾਂ ਤੈਨੂੰ ਤਾਈ ਨੀ, ਭੱਠੀ ਨੂੰ ਤਾਉਣ ਵਾਲੀਏ ।
ਛਿਟੀਆਂ ਦਾ ਬਾਲਣ ਡਾਹ ਲੈ, ਕੜਾਹੀ ਨੂੰ ਹੋਰ ਤਪਾ ਲੈ ।
ਰੋੜ ਨਾ ਵਿੱਚ ਆ ਜਾਵਣ, ਛਾਨਣੀ ਰੇਤ ਛਾਣ ਲੈ ।
ਕੜਾਹੀ ਸਾਡੇ ਦੁੱਖ ੜਾੜ ਦੇ, ਦਾਣਿਆਂ ਦਾ ਭਾੜਾ ਲੈ ਕੇ
ੜਾੜੀਂ ਵਾਂਗ ਮਾਈ ਨੀ, ਭੱਠੀ ਨੂੰ ਤਾਉਣ ਵਾਲੀਏ ।
ਆਖਾਂ ਤੈਨੂੰ ਤਾਈ ਨੀ, ਭੱਠੀ ਨੂੰ ਤਾਉਣ ਵਾਲੀਏ ।
ਫੁੱਲ ਨਾ ਇਹ ਜਾਣ ਕਿਤੇ, ਆਬੂ ਨਾ ਕੱਢੀਂ ਨੀ ।
ਰੀਝਾਂ ਨਾਲ ਭੁੰਨਦੇ ਸਾਰੇ, ਕਸਰਾਂ ਨਾ ਛੱਡੀ ਨੀ ।
ਦਾੜਾਂ ਨਾਲ ਚੱਬ ਕੇ ਖਾਣੇ, ਸੱਜਣਾ ਦੁੱਖ ਸਮਝ ਕੇ ਦਾਣੇ
ਹੱਸ ਹੱਸ ਚੱਬਣੇ ਨੀ ਮੈਂ, ਨਾਨਕ ਦੇ ਮੰਨਕੇ ਭਾਣੇ ।
ਚੱਬਣੇ, ਤਾਣ ਕੇ ਰਜਾਈ ਨੀ, ਭੱਠੀ ਨੂੰ ਤਾਉਣ ਵਾਲੀਏ ।
ਆਖੂੰ ਤੈਨੂੰ ਤਾਈ ਨੀ, ਭੱਠੀ ਨੂੰ ਤਾਉਣ ਵਾਲੀਏ ।
ਧੀ ਧਿਆਣੀ ਤੇਰੀ, ਦੁੱਖਾਂ ਨੂੰ ਮਾਨਣਾ ਨੀ ।
ੜਾੜੇ ਜਿਹੇ ਭੁੰਨ ਕੇ ਮਾਈ, ਲਾ ਦੇ ਫੇਰ ਛਾਨਣਾ ਨੀ ।
ਹੱਥੀਂ ਤੂੰ ਝੋਲੀ ਪਾ ਦੇ, ਸੱਜਣਾ ਦੇ ਭੁੰਨ ਕੇ ਵਾਅਦੇ ।
ਭੇਦ ਕਿਸੇ, ਦੱਸੀਂ ਨਾ ਮਾਈ ਨੀ, ਭੱਠੀ ਨੂੰ ਤਾਉਣ ਵਾਲ਼ੀਏ ।
'ਸਰਬ' ਆਖੂ ਤੈਨੂੰ ਤਾਈ ਨੀ, ਭੱਠੀ ਨੂੰ ਤਾਉਣ ਵਾਲੀਏ ।