ਭਾਵੇਂ ਇਕ ਨਾ ਹੰਝੂ ਪੂੰਝੀ, ਨਾਹੀਂ ਦਵੀਂ ਦਿਲਾਸਾ ।
ਤੱਕ ਤੇ ਲੈ ਇਕ ਵਾਰੀ ਸੱਜਣਾ ਪਰਤ ਕੇ ਐਧਰ ਪਾਸਾ ।
ਪਿਆਰ ਦੀਆਂ ਇਹ ਮਿੱਠੀਆਂ ਸੂਲਾਂ ਰੜਕਣ ਵਿਚ ਕਲੇਜੇ,
ਡਰਦਾ ਮਾਰਾ 'ਵਾਜ਼ ਨਾ ਕੱਢਾਂ, ਬਣ ਨਾ ਜਾਵਾਂ ਹਾਸਾ ।
ਦੇਖਣ ਦੇ ਲਈ ਸੁੱਖ ਸੱਜਣਾ ਦਾ, ਕਿਹੜਾ ਪੱਜ ਬਣਾਵਾਂ ।
ਮਜਨੂੰ ਬਣ ਕੇ ਜਾਣਾ ਪੈਣਾ ਉੜਕ ਲੈ ਕੇ ਕਾਸਾ ।
ਉਹ ਰੁੱਸੇ ਮੈਂ ਮਿਨਤਾਂ ਕਰ ਕਰ ਤਰਲਿਆਂ ਨਾਲ ਮਨਾਵਾਂ ।
ਮੈਂ ਰੁੱਸਾਂ ਤੇ ਇਕ ਵਾਰੀ ਵੀ, ਉਹ ਨਾ ਦਵੇ ਦਿਲਾਸਾ ।
ਕੋਈ ਦਰਦਾਂ ਮਾਰਾ ਰੋਵੇ, ਹੰਝੂ ਉਸ ਦੇ ਪੂੰਝਾ,
ਮੈਂ ਰੋਵਾਂ ਤੇ ਲੋਕਾਂ ਭਾਣੇਂ, ਬਣਾ ਮੈਂ ਖੇਡ ਤਮਾਸ਼ਾ ।
ਟੁੱਟਿਆ ਹੋਇਆ ਦਿਲ ਕੋਈ 'ਰਾਹਤ' ਪਣੇ ਨਾਲ ਜੁੜੇ ਤੇ,
ਹੱਸ ਕੇ ਉਹਦੀ ਝੋਲੀ ਪਾਵਾਂ, ਪਿਆਰ ਦਾ ਮਾਸਾ-ਮਾਸਾ ।