ਪਟਨੇ 'ਚੋਂ ਗਲੀ ਗਲੀ ਗਲੀਆਂ ਚੋਂ ਸ਼ਹਿਰ ਸ਼ਹਿਰ,
ਸ਼ਹਿਰਾਂ ਵਿਚੋਂ ਦੂਰ ਦੂਰ ਖ਼ਬਰਾਂ ਜਾਂ ਪੁੱਜੀਆਂ
ਰੱਬ ਦਾ ਭਿਖਾਰੀ ਜਿਹਾ ਭੀਖ ਸ਼ਾਹ ਫ਼ਕੀਰ ਇਕ,
ਗੁਰੂ ਦੇ ਦਵਾਰੇ ਲਏ ਕੇ ਆਇਆ ਸੀ . ਦੋ ਕੁੱਜੀਆਂ
ਇਕ ਕੁੱਜੀ ਹਿੰਦੂਆਂ ਤੇ ਦੂਜੀ ਇਸਲਾਮ ਦੀ ਹੈ,
ਦਿਲ ਵਿਚ ਆਇਆ ਏਹੋ ਧਾਰਨਾ ਉਹ ਧਾਰਦਾ
ਵੇਖੀਏ ਇਹ ਪੁੱਤ ਸਾਂਝੀਵਾਲਤਾ ਦੇ ਰਾਖਿਆਂ ਦਾ,
ਕਿਹੜੀ ਕੁੱਜੀ ਉਤੇ ਹੱਥ ਆਪਣਾ ਹੈ ਮਾਰਦਾ
ਦੋਹਾਂ ਉਤੇ ਹੱਥ ਜਦ ਰੱਖਿਆ ਗੋਬਿੰਦ ਰਾਏ,
ਸਿਜਦੇ 'ਚ ਡਿੱਗ ਕੇ ਫ਼ਕੀਰ ਏਦਾਂ ਬੋਲਿਆ
ਅੱਲ੍ਹਾ ਦਾ ਹੀ ਰੂਪ ਹੈਂ ਤੂੰ ਮੌਲਾ ਦਾ ਹੀ ਰੂਪ ਹੈਂ,
ਤੈਨੂੰ ਅੱਜ ਰੱਬਾ ਮੈਂ ਕਰੋੜਾਂ ਵਿਚੋਂ ਟੋਲਿਆ
ਝਟ ਪਟ ਉਠ ਕੇ ਫ਼ਕੀਰ ਨੱਠਾ ਵਾਹੋ ਦਾਹੀ,
ਬੁਲ੍ਹੋ ਬੁਲ੍ਹ ਕੰਨੋਂ ਕੰਨ ਖ਼ਬਰਾਂ ਸੁਣਾ ਗਿਆ
ਦੁਖੜੇ ਮਿਟਾਉਣ ਵਾਲਾ ਮੁਖੜੇ ਹਸਾਉਣ ਵਾਲਾ,
ਅਣਖਾਂ ਜਗਾਉਣ ਵਾਲਾ ਆ ਗਿਆ ਭਈ ਆ ਗਿਆ
ਚੌਕੀਆਂ ਤੇ ਝੰਡਿਆਂ ਨੂੰ ਖੜਗਾਂ ਤੇ ਖੰਡਿਆਂ ਨੂੰ,
ਨੇਜ਼ਿਆਂ ਤੇ ਭਾਲਿਆਂ ਨੂੰ ਇਹੋ ਹੀ ਸੰਭਾਲੇਗਾ
ਕੀੜੀਆਂ ਕਰਾੜਾਂ ਤਾਂਈਂ ਥਾਪ ਦੇਊ ਬਾਦਸ਼ਾਹੀਆਂ,
ਬਾਦਸ਼ਾਹਾਂ ਨਾਲ ਘਾਹੀ ਆਪਣੇ ਬਿਠਾਲੇਗਾ
ਤਾਰਿਆਂ ਦੀ ਲੋਏ ਲੋਏ ਚਾਨਣਾ ਦੇ ਖ਼ੂਨ ਹੋਏ,
ਚਾਨਣੀ ਦੇ ਕਾਤਲਾਂ ਨੂੰ ਚੁਣ ਚੁਣ ਮਾਰੇਗਾ
ਡਿੱਗਿਆਂ ਤੇ ਢੱਠਿਆਂ ਨੂੰ ਮਾੜਿਆਂ ਤੇ ਮੱਠਿਆਂ ਨੂੰ,
ਕਰ ਕੇ ਇਕੱਠਾ ਇਕ ਇਕ ਨੂੰ ਪਿਆਰੇਗਾ
ਹੱਥੋ ਹੱਥ ਆਪਣੇ ਨਿਬੇੜੇਗਾ ਇਹ ਫ਼ੈਸਲੇ,
ਪੈਰੋ ਪੈਰ ਫ਼ਾਸਲੇ ਤੇ ਫ਼ਾਸਲਾ ਨਿਬੇੜੇਗਾ
ਦੂਜਿਆਂ ਦੇ ਪੱਲਿਆਂ ਤੇ ਛਿੱਟਾ ਵੀ ਨ ਪੈਣ ਦੇਊ,
ਲਹੂ ਵਿਚ ਚੋਲਾ ਭਾਵੇਂ ਆਪਣਾ ਲਿਬੇੜੇਗਾ
ਸੈਂਕੜੇ ਸੁਮੇਰ ਤੇ ਕੁਬੇਰ ਡੋਲ ਜਾਣ ਭਾਵੇਂ,
ਇਹਦਾ ਪੈਰ ਆਪਣੇ ਨਿਸ਼ਾਨੇ ਤੋਂ ਨ ਡੋਲੇਗਾ
ਦੁਨੀਆਂ ਨੂੰ ਪਿਛੇ ਲਾ ਕੇ ਸਮਿਆਂ ਤੋਂ ਅਗੇ ਜਾ ਕੇ,
ਇਕ ਨਵੇਂ ਯੁਗ ਦਾ ਵਿਸ਼ਾਲ ਪਟ ਖੋਲ੍ਹੇਗਾ
ਨਵੇਂ ਨਵੇਂ ਰਾਹ ਕਢੂ ਨਵੀਂ ਨਵੀਂ ਗੱਲ ਕਰੂ,
ਤੋੜ ਮੋੜ ਛੱਡੂ ਸਭ ਰਸਮਾਂ ਪੁਰਾਣੀਆਂ
ਚੱਪੇ ਚੱਪੇ ਉਤੋਂ ਮੇਟ ਜਾਏਗਾ ਕਦੂਰਤਾਂ,
ਜ਼ੱਰੇ ਜ਼ੱਰੇ ਉਤੇ ਲਿਖ ਜਾਏਗਾ ਕਹਾਣੀਆਂ