ਭੋਲੇ ਪੰਛੀ ਬੇ ਪਰ ਹੁੰਦੇ ਜਾਂਦੇ ਨੇ ।
ਬਸਤੀ ਵਾਲੇ ਬੇ ਘਰ ਹੁੰਦੇ ਜਾਂਦੇ ਨੇ।
ਮੈਂ ਨਾ ਅਪਣੇ ਸ਼ਿਅਰਾਂ ਤੇ ਇਤਬਾਰ ਕਰਾਂ,
ਮੇਰੇ ਕੋਲੋਂ ਮੁਨਕਰ ਹੁੰਦੇ ਜਾਂਦੇ ਨੇ ।
ਯਾਦਾਂ ਕੀ! ਦੋ ਚਾਰ ਮੁਰੱਸਾ ਗ਼ਜ਼ਲਾਂ ਦੇ,
ਸਾਵੇ ਪੀਲੇ ਪੱਤਰ ਹੁੰਦੇ ਜਾਂਦੇ ਨੇ ।
ਸੁਫ਼ਨੇ ਵਿਚ ਕੀ ਚੜਦਾ ਸੂਰਜ ਵੇਖ ਲਿਆ,
ਸਾਰੇ ਖ਼ਾਬ ਉਜਾਗਰ ਹੁੰਦੇ ਜਾਂਦੇ ਨੇ ।
ਤਾਂਬਾ-ਤਾਸ ਜ਼ਮੀਨ ਇਹ ਨੀਲਾ ਕੱਚ ਅਸਮਾਨ,
ਇਕ ਦੂਜੇ ਤੋਂ ਨਾਬਰ ਹੁੰਦੇ ਜਾਂਦੇ ਨੇ।
ਏਸ ਵਰੇ ਵੀ ਹੋਈ ਨਾ ਬਰਸਾਤ ਅਜੇ,
ਖੇਤ ਖੁਸ਼ੀ ਦੇ ਬੰਜਰ ਹੁੰਦੇ ਜਾਂਦੇ ਨੇ।
ਆ ਵੀ ਜਾ ਕਿ ਤੇਰੇ ਖ਼ਾਬ ਖ਼ਿਆਲਾਂ ਦੇ,
ਸਾਰੇ ਗੁੰਚੇ ਪੱਥਰ ਹੁੰਦੇ ਜਾਂਦੇ ਨੇ ।
ਅਪਣਾ ਅਸਲ ਪਛਾਨਣ ਤਾਂ ਇਕ ਦੂਜੇ ਤੋਂ,
ਸਾਰੇ ਲੋਕ ਨਿਛਾਵਰ ਹੁੰਦੇ ਜਾਂਦੇ ਨੇ