ਯਾਦ ਹੈ ਮੈਂ ਕਿੰਨੀ ਨਿੱਕੀ ਸੀ?
ਓਦਾਂ ਭੋਲ਼ੀ-ਭਾਲ਼ੀ ਸੀ,
ਪਰ ਤੁਹਾਨੂੰ ਲੈ ਕੇ ਤਿੱਖੀ ਸੀ।
ਮੈਂ ਪਹਿਲੀ ਵਾਰ ਤਦ ਤੁਹਾਨੂੰ ਤੱਕਿਆ ਸੀ,
ਜਦ ਪਾਥੀਆਂ ਲੈਣ ਮਾਂ ਘੱਲਿਆ ਤੇ,
ਮੈਂ ਟੋਕਰਾ ਜ਼ਮੀਨ ’ਤੇ ਰੱਖਿਆ ਸੀ।
ਮੈਂ ਟੋਕਰੇ ਪਾਥੀਆਂ ਭਰਨ ਲਈ,
ਜਦ ਪਹਿਲੀ ਪਾਥੀ ਚੁੱਕੀ ਸੀ।
ਪਾਥੀ ਨੂੰ ਤਿੜਾਂ ਵਾਲ਼ੇ ਘਾਹ ਨੇ,
ਕੱਸ ਕੇ ਪਾਈ ਜੱਫੀ ਸੀ।
ਮੈਂ ਨਹੀਂ ਸੀ ਚਾਹੁੰਦੀ ਵਿਛੋੜਨਾ,
ਮਾਂ ਦੇ ਡਰੋਂ ਘਾਹ ਨਾਲ਼ੋਂ ਲਾਹੀ ਸੀ।
ਪਾਥੀ ਵਿੱਚੋਂ ਤੁਸੀਂ ਡਿੱਠੇ ਸੀ
ਤੁਸੀਂ ਸੁਭਾਅ ਦੇ ਕੌੜੇ ਸੀ
ਤੇ ਅਸੀਂ ਸੁਭਾਅ ਦੇ ਮਿੱਠੇ ਸੀ।
ਤੁਸੀਂ ਗ਼ੁੱਸੇ ਵਿੱਚ ਜਦ ਉੱਡਣ ਲੱਗੇ
ਤੁਹਾਡੀ ਲੱਤ ਘਾਹ ’ਚ ਅੜ ਗਈ
ਲੱਤ ਗਿੱਟੇ ਲਾਗੋਂ ਟੁੱਟ ਗਈ ਸੀ।
ਫੇਰ ਵੀ ਭੂੰ-ਭੂੰ ਕਰਦਿਆਂ ਤੁਸੀਂ
ਨਿੱਕੀ ਜਿਹੀ ਗੇੜੀ ਲਾਈ ਸੀ।
ਤੁਸੀਂ ਸੀ ਮੇਰੀ ਪਹਿਲੀ ਮੁਹੱਬਤ,
ਦਿਲ ਤੁਹਾਡੇ ’ਤੇ ਆਇਆ ਸੀ।
ਮੈਨੂੰ ਯਾਦ ਮੈਂ ਤੁਹਾਨੂੰ ਨੁਹਾ ਕੇ,
ਮੈਂ ਹਲਦੀ ਦਾ ਲੇਪ ਲਗਾਇਆ ਸੀ।
ਲੇਪ ਲੱਗਣ ਵੇਲੇ ਜ਼ਖ਼ਮ ’ਤੇ
ਤੁਸੀਂ ਹਲ਼ਦੀ ਪੀੜਾ ਝੱਲੀ ਸੀ।
ਮੈਂ ਵੇਖ ਕੇ ਰੱਜ-ਰੱਜ ਰੋਈ ਸੀ,
ਮੇਰੇ ਦਿਲ ’ਚ ਪਈ ਤਰਥੱਲੀ ਸੀ।
ਮੈਂ ਮਾਂ ਦੇ ਵੱਲ ਨੂੰ ਭੱਜੀ ਸੀ,
ਤੇ ਤੁਹਾਡੀ ਪੀੜਾ ਦੱਸੀ ਸੀ।
ਮਾਂ ਨੇ ਕਿਹਾ ਇਹ ਭੂੰਡ ਹੈ ਕਾਲ਼ਾ,
ਸੁੱਟ ਦੇ ਧੀਏ ਲੜ ਜਾਊਗਾ।
ਮਾਂ ਨੇ ਹੱਥ ਮਾਰ ਜਦ ਸੁੱਟ 'ਤਾ ਸੀ,
ਮੈਂ ਗੁੱਸੇ ਦੇ ਵਿੱਚ ਆ ਗਈ ਸੀ।
ਮਾਂ ਅੱਗੇ ਬੋਲ ਨਹੀਂ ਸਕਦੀ ਸੀ,
ਮੈਂ ਪਾਥੀ ਰੱਖ ਜ਼ਮੀਨ ਉੱਤੇ,
ਤਾੜ ਦੇਣੀ ਉਸਨੂੰ ਕੁੱਟ ’ਤਾ ਸੀ।
ਵੱਡੇ-ਵੱਡੇ ਗ਼ਮ ਦਿੱਤੇ ਜ਼ਿੰਦਗੀ,
ਪਰ ਤੁਹਾਨੂੰ ਸਰਬ ਨਹੀਂ ਭੁੱਲੀ ਜੀ।
ਨਾਮ ਤੁਹਾਡੇ ਦਾ ਜ਼ਿਕਰ ਹੋਇਆ,
ਕਿਤੇ ਮਿਲ਼ ਜਾ ਯਾਰ ਅਣਮੁੱਲਿਆ।
ਮੈਂ ਸਰਮਾ-ਸਰਮਾ ਦਿਲ ਡੁੱਲ੍ਹੀ ਜੀ,
ਕੁਦਰਤ ਦੇ ਰੰਗ ਨਿਆਰੇ।
ਸਾਡਾ ਪਿਆਰ ਵਸੇਂਦਾ ਪਾਥੀਆਂ ’ਚ,
ਕੀ ਕਰਨੇ ਮਹਿਲ ਮੁਨਾਰੇ।