ਭੂਤ ਹੈ ਸਿਰ ਤੇ ਸਵਾਰ

ਭੂਤ ਦੀ ਛਾਇਆ ਨਾ ਮਨ ਤੋਂ ਟੁੱਟਦੀ 

ਜਿੰਦ ਹੁੰਦੀ ਰਾਤ ਦਿਨ ਖੱਜਲ ਖੁਆਰ 

ਫੋਲਦੀ ਸਿਵਿਆਂ ਨੂੰ ਕਬਰਾਂ ਪੁੱਟਦੀ।

ਦਿਲ ਧੁਖਾਂਦਾ, ਧੂਣੀ ਦੇਈ ਜਾ ਰਿਹਾ 

ਜਾਦੂ ਟੂਣੇ ਅਕਲ ਦੇ ਅਜ਼ਮਾ ਰਿਹਾ 

ਜੋ ਬੀਤਿਆ ਸੋ ਮੁੱਕਿਆ

ਉਸ ਨਾਲ ਕਾਹਦਾ ਵਾਸਤਾ

ਮੈਂ ਜੀ ਨੂੰ ਲਾਰੇ ਲਾ ਰਿਹਾ 

ਆਸ ਦੇ ਧਾਗੇ ਤਵੀਤ

ਰਾਤ ਦਿਨ ਮੁੜ੍ਹ ਮੁੜ੍ਹ ਕੇ ਗਲ ਵਿਚ ਪਾ ਰਿਹਾ।

ਕੌਣ ਜਾਣੇ ਕੱਲ੍ਹ ਕਿਹੜੀ

ਪੌਣ ਕਿਧਰੋਂ ਝੁਲ ਪਵੇ !

ਕੌਣ ਜਾਣੇ ਕੱਲ੍ਹ ਕਿਹੜੇ

ਸੁਰਗ ਦਾ ਦਰ ਖੁਲ੍ਹ ਪਵੇ !

ਬੀਤ ਚੁੱਕੇ ਪੈਂਡਿਆਂ ਦਾ

ਕਿਉਂ ਥਕੇਵਾਂ

ਐਂਵੇਂ ਹੱਡਾਂ ਨਾਲ ਬੰਨ੍ਹੀ ਜਾ ਰਿਹਾਂ ?

ਭੂਤ ਹੈ ਸਿਰ ਤੇ ਸਵਾਰ

ਹੇਠ ਕਿਹੜੀ ਅਜ ਧੌਲੀ ਧਾਰ ਦੇ ਸਿਰ ਧਰ ਦਿਆਂ?

ਸੋਚ ਦੇ ਸਭ ਸੈਰੀਆਂ

ਸਾਰੀ ਸਾਰੀ ਰਾਤ ਲਾਈਆਂ ਚੌਂਕੀਆਂ

ਜਿੰਨਾ ਚਿਰ ਮੈਂ ਜਾਗਦਾ

ਜਾਗਦੇ ਰਹਿੰਦੇ ਨੇ ਯਾਦਾਂ ਦੇ ਮਸਾਣ

ਭੂਤ ਹੈ ਸਿਰ ਤੇ ਸਵਾਰ

ਹੇਠ ਕਿਹੜੀ ਅੱਜ ਧੌਲੀ ਧਾਰ ਦੇ ਸਿਰ ਧਰ ਦਿਆਂ?

📝 ਸੋਧ ਲਈ ਭੇਜੋ