ਉਹ ਜੋ ਮੇਰੇ ਖੇਤ 'ਚ ਖੜ੍ਹਾ ਸੀ
ਉਹ ਚਿੜੀਆਂ,ਕਾਂ,ਕਬੂਤਰ ਉਡਾਉਣ ਵਾਲਾ
ਡਰਨਾ ਨਹੀਂ ਸੀ
ਉਹ ਤਾਂ ਬਾਜ ਵਰਗਾ ਬੰਦਾ ਸੀ ਕੋਈ
ਜੋ ਨੋਚ ਗਿਐ
ਮੇਰੇ ਸੁਨਹਿਰੀ ਦਾਣਿਆਂ ਉੱਪਰਲਾ ਸੋਨਾ
ਤੁਹਾਨੂੰ ਉਹ ਡਰਨਾ ਦਿੱਸਦਾ ਸੀ
ਮੈਂਨੂੰ ਉਹ ਮਨੁੱਖ ਦਿੱਸਦਾ ਸੀ
ਹੋ ਸਕਦਾ
ਉਹ ਨਾ ਡਰਨਾ ਹੋਵੇ
ਨਾ ਮਨੁੱਖ ਹੋਵੇ
ਸਾਡੇ ਸੁਪਨਿਆਂ ਦੇ ਕਬਰਸਤਾਨ ਵੱਲੋਂ ਆਉਂਦਾ
ਕੋਈ ਭੂਤ ਹੀ ਹੋਵੇ
ਚਲੋ,ਉਸ ਦਾ ਖੁਰਾ-ਖੋਜ ਲੱਭੀਏ