ਭੁੱਖ ਨੂੰ ਕਦ ਮੈਂ ਭੁੱਖ ਸਮਝ ਕੇ ਪੂਜ ਰਿਹਾਂ ।
ਸਭ ਦਾ ਸਾਂਝਾ ਦੁੱਖ ਸਮਝ ਕੇ ਪੂਜ ਰਿਹਾਂ ।
ਤਿੱਖੜ ਧੁੱਪਾਂ ਜੀਣਾ ਔਖਾ ਕੀਤਾ ਏ,
ਜਦ ਦਾ ਤੈਨੂੰ ਰੁੱਖ ਸਮਝ ਕੇ ਪੂਜ ਰਿਹਾਂ ।
ਮੈਂ ਸੁੱਖਾਂ ਦੇ ਫ਼ਤਵੇ ਮੂਜਬ ਕਾਫ਼ਰ ਆਂ,
ਮੈਂ ਹਾਸੇ ਨੂੰ ਦੁਖ ਸਮਝ ਕੇ ਪੂਜ ਰਿਹਾਂ ।
ਮੇਰਾ ਤੇ ਈਮਾਨ ਤੇਰੇ ਤੇ ਮੁੱਕਦਾ ਏ,
ਰੱਬ ਨੂੰ ਤੇਰਾ ਮੁੱਖ ਸਮਝ ਕੇ ਪੂਜ ਰਿਹਾਂ ।
ਮੈਂ ਧਰਤੀ ਦਾ ਇੱਕੋ ਸੱਕਾ ਪੁਤਰ ਆਂ!
ਧਰਤੀ ਮਾਂ ਦੀ ਕੁੱਖ ਸਮਝ ਕੇ ਪੂਜ ਰਿਹਾਂ ।
ਤੂੰ ਵੀ ਰੱਬ ਬਣਨ ਦਾ ਦਾਅਵਾ ਕਰ ਦਿੱਤਾ,
ਤੈਨੂੰ 'ਸ਼ਾਦ' ਮਨੁੱਖ ਸਮਝ ਕੇ ਪੂਜ ਰਿਹਾਂ ।