ਭੁੱਲਾਂ ਕਿੱਦਾ ਗੱਲਾਂ ਵਿਛੜੇ ਯਾਰ ਦੀਆਂ।
ਜਦ ਚੇਤੇ ਆ ਜਾਵਣ ਪਲ-ਪਲ ਮਾਰਦੀਆਂ।
ਦਿਲ ਦੀਆਂ ਗੱਲਾਂ ਅਪਣਾ ਜਾਣ ਕੇ ਦੱਸੀਆਂ ਜੋ,
ਸੁਰਖ਼ੀ ਬਣੀਆਂ ਦਿਨ ਚੜ੍ਹਦੇ ਅਖ਼ਬਾਰ ਦੀਆਂ।
ਜੋ ਸਿਰ ਦਿੰਦਾ ਉਸ ਦੇ ਸਿਰ 'ਤੇ ਸੱਜਦੀ ਏ,
ਧੁੰਮਾਂ ਪਈਆਂ ਐਵੇਂ ਨਹੀਂ ਦਸਤਾਰ ਦੀਆਂ।
ਜਿਹਨਾਂ ਦਾ ਏ ਧਰਮ ਹੀ ਕੇਵਲ ਮਾਨਵਤਾ,
ਓਹੀ ਬੁੱਝਣ ਰਮਜਾਂ ਫਿਰ ਕਰਤਾਰ ਦੀਆਂ।
ਸੱਤ ਪੱਤਣਾਂ ਦੇ ਤਾਰੂ ਵੀ ਡੁੱਬ ਜਾਂਦੇ ਨੇ,
ਮਾਰੂ ਲਹਿਰਾਂ ਇਸ਼ਕੇ ਦੀ ਮੰਝਧਾਰ ਦੀਆਂ।
ਹਿਜ਼ਰ ਦੀ ਭੱਠੀ ਜਿੰਨਾ ਕਿਧਰੇ ਸੇਕ ਨਹੀਂ,
ਮੱਧਮ ਹੁੰਦੀਆਂ ਲਾਟਾਂ ਵੀ ਅੰਗਿਆਰ ਦੀਆਂ।
‘ਓਠੀ’ ਤੇਰੀ ਸੋਚ ਨਾ ਉਥੇ ਅੱਪੜਦੀ,
ਡੂੰਘੀਆਂ ਪਰਤਾਂ ਕਵੀਆਂ ਦੇ ਸੰਸਾਰ ਦੀਆਂ।