ਭੁੱਲੇ ਬਿਸਰੇ ਖ਼੍ਵਾਬ ਸਜਾ ਕੇ ਸੋਚ ਰਿਹਾਂ।
ਹੰਝੂਆਂ ਦੀ ਤਸਵੀਰ ਬਣਾ ਕੇ ਸੋਚ ਰਿਹਾਂ।
ਖ਼ਾਲੀ ਸ਼ੀਸ਼ੇ ਖ਼ਾਲੀ ਸਾਰੇ ਪੈਮਾਨੇ,
ਹਰ ਤੁਹਮਤ ਤੋਂ ਅੱਖ ਬਚਾ ਕੇ ਸੋਚ ਰਿਹਾਂ।
ਅੱਖਰ ਅੱਖਰ ਮੇਰੀ ਸੋਚ ਦਾ ਸ਼ੀਸ਼ਾ ਸੀ,
ਅਪਣਾ ਲਿਖਿਆ ਆਪ ਮਿਟਾ ਕੇ ਸੋਚ ਰਿਹਾਂ।
ਠੀਕ ਗ਼ਲਤ ਕੀ ਹੈ ਲੋਕਾਂ ਦੀਆਂ ਨਜ਼ਰਾਂ ਵਿਚ,
ਦਿਲ ਤੋਂ ਇਸ ਦਾ ਬੋਝ ਹਟਾ ਕੇ ਸੋਚ ਰਿਹਾਂ।
ਤੇਰੀ ਦੂਰੀ ਨੇ ਕੀ ਸੋਚ ਬਣਾਈ ਸੀ,
ਕੀ ਕੁਝ ਤੇਰੇ ਨੇੜੇ ਆ ਕੇ ਸੋਚ ਰਿਹਾਂ।
ਉਸ ਦੇ ਜਿੱਤਣ ਦੀ ਕਿਉਂ ਮੈਨੂੰ ਖ਼ੁਸ਼ੀ ਹੋਈ,
ਅਪਣੀ ਹਾਰ ਦਾ ਜਸ਼ਨ ਮਨਾ ਕੇ ਸੋਚ ਰਿਹਾਂ।
ਤੇਰਾ ਤੀਰ ਨਿਸ਼ਾਨੇ 'ਤੇ ਆ ਲੱਗਾ ਹੈ,
ਆਪਣੇ-ਆਪ ਨੂੰ ਢਾਲ ਬਣਾ ਕੇ ਸੋਚ ਰਿਹਾਂ।