ਬੋਲ ਮਸ਼ੀਨੀ ਹੋ ਗੇ

ਬੋਲ ਮਸ਼ੀਨੀ ਹੋ ਗੇ, ਦਿਲ ਵੀ ਧੜਕਣ ਨਾ।

ਵਸਦੇ ਰਸਦੇ ਘਰ ਵੀ, ਹੁਣ ਘਰ ਲੱਗਣ ਨਾ।

ਭੀੜ ਭੜੱਕਾ ਸ਼ਹਿਰ ‘ਚ ਸ਼ੋਰ-ਸ਼ਰਾਬਾ ਬਹੁਤ

ਰੌਣਕ ਵਾਲ਼ੇ ਬੇਲੀ ਕਿਧਰੇ ਲੱਭਣ ਨਾ।

ਰੰਗਾਂ, ਫੁੱਲਾਂ ਨਾਲ਼ ਸਜੇ ਮਨਮੋਹਣੇ ਘਰ

ਖੁਸ਼ਬੂ ਭਰੀਆਂ ਪੌਣਾਂ ਫਿਰ ਵੀ ਰੁਮਕਣ ਨਾ।

ਉੱਚੇ ਅੰਬਰੀਂ ਚੜ੍ਹ ਪਰਦੇਸੀਂ ਜਾ ਬੈਠਾ

ਬੰਦੇ ਨੂੰ ਹੁਣ ਆਪਣੇ ਪੈਰ ਹੀ ਲੱਭਣ ਨਾ।

ਦਿਲ ਦੀ ਕੋਮਲ ਧਰਤੀ ਪੱਥਰ ਹੋ ਜਾਵੇ

ਜੇ ਨੈਣਾਂ ਦੇ ਸਾਵਣ ਛਮ ਛਮ ਬਰਸਣ ਨਾ।

ਵਕਤ ਦੀ ਹਰ ਇਕ ਨੁੱਕਰ ਬੇਹੱਦ ਤਿੱਖੀ ਹੈ

ਦੇਖੀਂ ! ਰਿਸ਼ਤੇ, ਦਿਲ ਤੇ ਸ਼ੀਸ਼ੇ ਤਿੜਕਣ ਨਾ।

ਸ਼ਾਮ ਸਵੇਰੇ ‘ਮਾਨ’ ਕਰਾਂ ਅਰਜ਼ੋਈ ਰੋਜ਼

ਕੋਈ ਅੱਖ ਨਾ ਡਲ੍ਹਕੇ ਤੇ ਬੁੱਲ੍ਹ ਡੁਸਕਣ ਨਾ।

📝 ਸੋਧ ਲਈ ਭੇਜੋ