ਬੋਲ ਪਛਾਣ ਹੁੰਦੇ ਨੇ

ਬੋਲ ਪਛਾਣ ਹੁੰਦੇ ਨੇ

ਕਿਸੇ ਪੁਰਾਣੇ ਰੁੱਖ ਦੇ ਗੀਤ ਦੀ

ਸੱਭਿਆਚਾਰਕ ਪਰਛਾਵਾਂ ਹੁੰਦਾ ਹੈ ਗੂੜੀ ਛਾਂ ਦਾ

ਪੰਜਾਬ ਦੇ ਬੋਲ

ਨਾਨਕਿਆਂ ਤੋਂ ਮਿਲਦੇ ਨੇ

ਲੋਰੀਆਂ ਸੁਣਦੇ ਨੇ ਚੰਦ ਤਾਰਿਆਂ ਦੀਆਂ ਬਾਤਾਂ

ਤੋਤਲੇ ਬੋਲ ਸਿਖਾਉਂਦੇ ਨੇ

ਮਿੱਟੀ ਦੇ ਘਰ ਬਣਾਉਣੇ

ਤੇ ਫਿਰ ਵੱਡੇ ਦਿੱਲ ਕਰਕੇ ਆਪ ਹੀ ਢਾਉਣੇ

ਬੋਲੀ ਨਾ ਹੁੰਦੀ

ਝਿੜਕਾਂ ਨਹੀਂ ਸੀ ਚੇਤੇ ਰਹਿਣੀਆਂ

ਅਣਖ ਨੇ ਨਹੀਂ ਖੜਨਾ ਸੀ ਮੋੜਾਂ ਤੇ

ਗੁੜ੍ਹਤੀ ਵਾਲੇ ਦਿਨ

ਇਹ ਛੁਹ ਮਿਲਦੀ ਹੈ

ਫੁੱਲਾਂ ਵਰਗੇ ਬੁੱਲਾਂ ਨੂੰ

ਨਰਮ 2 ਮੁੱਠੀਆਂ

ਤੇ ਪਹਿਲੀਆਂ ਨਜ਼ਰਾਂ

ਇਕ ਜਹਾਨ ਸਿਰਜਿਆ ਜਾਂਦਾ ਹੈ

ਨਾਨਕ ਦੇ ਬੋਲ ਕਿਰਦੇ ਨੇ

ਉਹਨਾਂ ਬੋਲਾਂ ਨੂੰ

ਮਮਤਾ ਦੇ ਕੋਸੇ ਦੁੱਧ ਚੋਂ

ਪਰਬਤ ਚੀਰਨ

ਤੇ ਅੰਬਰ ਤੇ ਉੱਡਣ ਦੀ ਪਿਆਸ ਜਾਗਦੀ ਹੈ

ਇੰਜ ਇਨਸਾਨੀਅਤ ਦਾ ਜਨਮ ਹੁੰਦਾ ਹੈ

ਮੁਲਕਾਂ ਵਿੱਚ ਰਿਸ਼ਤੇ ਉੱਗਦੇ ਨੇ

ਅੰਬਰਾਂ ਤੇ ਨਾਂ ਲਿਖਦਾ ਹੈ ਕੋਈ

ਰੀਝ ਜਨਮਦੀ ਹੈ ਚੰਦ ਦੀ

ਭੁੱਖ ਨੱਚਦੀ ਹੈ ਧਰਤ ਦੀ

ਨੰਗਧੜੰਗੀ ਦੁਨੀਆਂ ਲਿਟਦੀ ਹੈ ਰੇਤ 'ਚ

ਲਿੱਬੜਦੀ ਹੈ ਖਿਡੌਣਿਆਂ ਬਦਲੇ

ਰੋਂਦੀ ਹੈ ਸਾਰੇ ਤਾਰਿਆਂ ਲਈ

ਬੋਲ ਨਾ ਕਿਰਦੇ

ਜ਼ਿੰਦਗੀ ਦੀ ਗਵਾਹੀ ਨਹੀਂ ਸੀ ਹੋਣੀ

ਸੁਪਨਿਆਂ ਨੇ ਨਹੀਂ ਸੀ

ਕਿਸੇ ਰਾਤ ਜਨਮ ਲੈਣਾ

ਵਿਯੋਗ ਨਹੀਂ ਸੀ ਲੱਗਣਾ ਇਸ਼ਕ ਨੂੰ

ਝੱਗੇ ਫਰਾਕਾਂ

ਨਹੀਂ ਸੀ ਕਿਸੇ ਨੇ ਮੰਗਣੀਆਂ

ਵਲਵਲਿਆਂ ਦੇ ਵਾਵਰੋਲੇ

ਨਹੀਂ ਵੜਣੇ ਸੀ ਕਿਸੇ ਪਿੰਡ

ਦਾਦੀ ਨਾਨੀ ਨੂੰ

ਲੋਰੀਆਂ ਨਹੀਂ ਸੀ ਆਉਣੀਆਂ

ਮਾਸੀਆਂ ਮਾਮੀਆਂ ਤੋਂ ਪਿਆਰ ਨਹੀਂ ਸੀ ਲੱਭਣੇ

ਨਾਨਕੀਆਂ ਭੈਣਾਂ ਨੇ

ਰੋਟੀ ਪਕਾਉਂਦਿਆਂ ਵੀਰਾਂ ਨੂੰ ਨਹੀਂ ਸੀ ਯਾਦ ਕਰਨਾ

📝 ਸੋਧ ਲਈ ਭੇਜੋ