ਮੀਂਹ ਮੰਗਿਆਂ ਤੋਂ ਮੀਂਹ ਨਾ ਮਿਲਦਾ
ਸੁੱਕੀਆਂ ਸੜਨ ਜ਼ਮੀਨਾਂ ।
ਤੇਲ ਦੇ ਘਾਟੇ ਇੰਜਣ ਖੜ ਗਏ
ਕੰਮ ਨਾ ਆਉਣ ਮਸ਼ੀਨਾਂ।
ਤੂੜੀ ਖਾਂਦੇ ਢੱਗੇ ਹਾਰ ਗਏ
ਗੱਭਰੂ ਲੱਗ ਗਏ ਫ਼ੀਮਾਂ ।
(ਬਈ) ਮੜਕ ਤੇਰੀ ਨੂੰ ਕੌਣ ਖਾ ਗਿਆ
ਚੋਬਰ ਜੱਟ ਸ਼ਕੀਨਾਂ ।
(ਬਈ) ਹੁਣ ਨਾ ਤੇਰਾ ਖੜਕੇ ਚਾਦਰਾ
ਚਮਕ ਨਾ ਦਏ ਨਗੀਨਾ ।
(ਬਈ) ਫਿਰਦੇ ਮਗਰ ਤਕਾਵੀਆਂ ਵਾਲੇ
ਲੁਕ ਛਿਪ ਕਟੇਂ ਮਹੀਨਾ ।
ਕਿਉਂ ਚੋਰਾਂ ਵਾਂਗ ਰਹੇਂ ਕਮਾਦੀਂ
ਕਰਕੇ ਮਿਹਨਤ ਜੀਨਾਂ
ਇਕ ਵਾਰੀ ਉਡ ਮੁੜ ਕੇ
ਬਣ ਜਾ ਕਬੂਤਰ ਚੀਨਾ, ਇਕ ਵਾਰੀ ਉਡ ਮੁੜ ਕੇ...
ਢਾਹੀਆਂ ! ਢਾਹੀਆਂ ! ਢਾਹੀਆਂ !
(ਬਈ) ਜੱਟਾਂ ਦੇ ਪੁੱਤ ਕੰਗਲੇ ਹੋ ਗਏ
ਕੁਛ ਨਾ ਖੋਹਣ ਕਮਾਈਆਂ।
ਅੱਗੇ ਤਾ ਟੱਪਦੇ ਸੀ ਸੌ ਸੌ ਕੋਠੇ
ਹੁਣ ਨਾ ਟਪੀਂਦੀਆਂ ਖਾਈਆਂ।
ਮਾਸ ਮਾਸ ਪਟਵਾਰੀਆਂ ਖਾਧਾ
ਪੀ ਲਈ ਰੱਤ ਸਿਪਾਹੀਆਂ
ਬਈ ਰਹਿੰਦੇ ਖੂੰਹਦੇ ਕਰਜ਼ੇ ਚੂੰਡ ਲਏ
ਹੱਡੀਆਂ ਰੇਤ ਰੁਲਾਈਆਂ
(ਬਈ) ਦਿੱਲੀ ਸ਼ਹਿਰ ਤੋਂ ਚੜ੍ਹੇ ਸ਼ਿਕਾਰੀ
ਲੈ ਹੁਕਮਾਂ ਦੀਆਂ ਫਾਹੀਆਂ।
ਪੱਟ ਦੀਆਂ ਮੋਰਨੀਆਂ
ਹੁਣ ਨਾ ਬਚਣ ਬਚਾਈਆਂ
ਪੱਟ ਦੀਆਂ ਮੋਰਨੀਆਂ...
ਆਰੀ ! ਆਰੀ ! ਆਰੀ !
ਹੁਣ ਜਗਰਾਵਾਂ 'ਚ
ਨਹੀਓਂ ਲੱਗਦੀ ਰੌਸ਼ਨੀ ਭਾਰੀ
ਮੇਲਿਆਂ ਤਿਹਾਰਾਂ ਨੂੰ
ਯਾਰੋ ਖਾ ਗਈ ਡੈਣ ਸਰਕਾਰੀ
ਗੱਭਰੂ ਗਾਲਬਾਂ ਦੇ
ਲੈ ਗਈ ਨੂੜ ਕੇ ਪੁਲਸ ਦੀ ਲਾਰੀ
ਮਹਾਂ ਸਿੰਘ ਬੁਰਜ ਵਾਲਾ
ਹੋਇਆ ਮਾਮਲੇ ਭਰਨ ਤੋਂ ਆਰੀ
ਧਨ ਕੌਰ ਦਉਧਰ ਦੀ
ਹੱਡ ਰੋਲਦੀ ਫਿਰੇ ਵਿਚਾਰੀ
ਭਜਨਾ ਕਾਉਂਕਿਆਂ ਦਾ
ਫਿਰੇ ਲੱਭਦਾ ਕਣਕ ਉਧਾਰੀ
ਸਿੱਧਵਾਂ ਦੇ ਜ਼ੈਲਦਾਰ ਨੇ
ਜਾ ਕੇ ਚੁਗਲੀ ਥਾਣੇ ਵਿਚ ਮਾਰੀ
ਫੜ ਲਏ ਭਰੋਵਾਲੀਏ
ਸੁੰਨ ਕਰ ਤੀ ਮਜ਼ਾਰੀ ਸਾਰੀ
ਵਗਦੇ ਹਲ ਛੁੱਟ ਗਏ
ਹੋਇਆ ਮਾਲਵਾ ਜੀਣ ਤੋਂ ਆਰੀ
ਜਨਤਾ ਤਾਂ ਭੁਗਤ ਲਊ
ਤੇਰੇ ਵਾਰ ਨੀ ਹਕੂਮਤੇ ਭਾਰੀ
ਤੂੰਬੇ ਉਡ ਜਾਣਗੇ
ਜਦ ਆਈ ਮਿੱਤਰਾਂ ਦੀ ਵਾਰੀ।
ਤੂੰਬੇ ਉਡ ਜਾਣਗੇ...