ਬਰੂ ਚੁਭਦਾ ਵੀ ਬਹੁਤ ਹੈ 

ਤੇ ਪੁੱਟਣਾ ਵੀ ਔਖਾ 

ਚੀਕਾਂ ਕਢਾ ਦਿੰਦਾ ਹੈ

ਸਾਹਾਂ ਚੀਸਾਂ ਪਾ ਦਿੰਦਾ ਹੈ

ਪੈਰਾਂ ਦੇ ਸਾੜ ਨਹੀਂ ਮੁੱਕਦੇ 

ਸੂਇਆਂ ਵਾਂਗ ਚੁੱਭਦਾ

ਜਾਨ ਕੱਢ ਲੈਂਦਾ ਹੈ 

ਮੈਂ ਪਸ਼ੂ ਚਾਰਦਿਆਂ

ਇਹ ਸਾਰਾ ਦੁੱਖ ਹੰਢਾਇਆ ਹੈ 

ਜਦੋਂ ਚੱਪਲ ਵੀ ਟੁੱਟੀ ਹੁੰਦੀ ਸੀ 

ਤੇ ਪਸ਼ੂਆਂ ਦੀ ਭੁੱਖ ਵੀ ਦਿਸਦੀ ਹੁੰਦੀ ਸੀ 

ਇਕ ਵਾਰ ਵਿਛ ਜਾਵੇ

ਜੜ੍ਹ ਕਿਤੇ ਨਾ ਕਿਤੇ ਰਹਿ ਹੀ ਜਾਂਦੀ ਹੈ

ਬਰੂ ਬਣ ਤੁਹਾਡੇ

ਝੂਠੇ ਵਾਅਦਿਆਂ ਯੁਮਲਿਆਂ 

ਭਾਸ਼ਣਾ ਤੇ ਹੁਣ ਉੱਗਣਾ ਚਾਹਵਾਂਗਾ

ਕਿੰਨੇ ਕੁ ਢਾਹ ਮਿਟਾ ਦਿਓਗੇ 

ਮਸਜਿਦਾਂ ਮੰਦਿਰ ਗਿਰਜੇ 

ਮਲਵਿਆਂ ਵਿਚ ਰੁਲੀਆਂ

ਲੋਕ ਅਰਜ਼ਾਂ ਸਹਿਕਦੀਆਂ ਹੀ ਰਹਿਣਗੀਆਂ ਸਦਾ

ਬਦਦੁਆਵਾਂ ਦੀਆਂ ਸੁਰਾਂ

ਕਦੇ ਮਰਦੀਆਂ ਨਹੀਂ ਹੁੰਦੀਆਂ

ਹਵਾਵਾਂ ਵਿਚ ਰਲ 

ਤੁਹਾਡੀਆਂ ਰਾਤਾਂ ਦੀ ਨੀਂਦ 

ਬੇਚੈਨ ਕਰਦੀਆਂ ਹੀ ਰਹਿਣਗੀਆਂ 

ਜੇ ਮੈਂ ਬਰੂ ਬਣ ਵਿਛ ਗਿਆ ਤਾਂ

ਮੇਰੀ ਜੜ੍ਹ ਨਹੀਂ ਜਾਣੀ

ਤੁਹਾਡੇ ਕੁਫ਼ਰ

ਬੋਲਾਂ ਦੇ ਸੁਪਨਿਆਂ ਤੇ 

ਕੂੜ ਐਲਾਨਾਂ ਦੀਆਂ ਪੈੜਾਂ ਚੋਂ

ਚੀਕਾਂ ਕਢਾ ਦਿਆਂਗਾ 

ਚੀਸਾਂ ਨਾਲ 

ਪੈਰਾਂ ਦੇ ਸਾੜ ਨਹੀਂ ਮੁੱਕਣੇ

ਤੇ ਮੇਰੀ ਜੜ੍ਹ ਨਹੀਂ ਜਾਣੀ

📝 ਸੋਧ ਲਈ ਭੇਜੋ