ਬੱਸ ਵਿਚ ਹੱਥ ਜੋੜ ਕੇ ਖੜ੍ਹੀ
ਇੱਕ ਨਿੱਕੀ ਜਿਹੀ ਕੁੜੀ
ਗੀਤ ਗਾ ਰਹੀ ਹੈ...
ਉਸਨੂੰ
ਆਪਣੇ ਗੀਤ ਤੇ
ਕਿੰਨਾ ਭਰੋਸਾ ਹੈ
ਕਿ ਸਵਾਰੀਆਂ ਦੇ
ਅਣਦੇਖਿਆ ਕਰਨ
ਕੰਡਕਟਰ ਦੇ ਝਿੜਕਣ
ਤੇ ਬੱਸ ਵਿਚ ਪੈ ਰਹੇ
ਰੌਲੇ ਗੌਲੇ ਤੋਂ ਬੇਨਿਆਜ਼
ਉਹ ਨਿੱਕੀ ਜਿਹੀ ਕੁੜੀ
ਗੀਤ ਗਾ ਰਹੀ ਹੈ...
ਪਰ ਉਸਨੂੰ ਆਪਣੇ ਗੀਤ ਤੇ
ਕਿੰਨਾ ਭਰੋਸਾ ਹੈ...
ਗਾਉਂਦੀ ਹੋਈ
ਇਸ ਨਿੱਕੀ ਜਿਹੀ ਕੁੜੀ ਦਾ ਚਿਹਰਾ
ਏਨਾ ਆਤਮ ਵਿਸ਼ਵਾਸ ਨਾਲ ਭਰਿਆ ਹੈ
ਕਿ ਲੱਗਦਾ ਹੈ ਉਸ ਲਈ
ਗੀਤ ਗਾਉਣਾ ਹੀ
ਦੁਨੀਆਂ ਦਾ ਸਭ ਤੋਂ ਪਵਿੱਤਰ
ਅਤੇ ਵਡੇਰਾ ਕਾਰਜ ਹੈ
ਯਕੀਨ ਹੈ ਉਸਨੂੰ
ਕਿ ਉਸ ਦੇ ਗਾਏ ਗੀਤ
ਉਸ ਲਈ ਅਤੇ ਉਸ ਦੇ ਪਰਿਵਾਰ ਲਈ
ਸ਼ਾਮ ਦੀ ਰੋਟੀ ਦਾ ਵਸੀਲਾ ਬਣਨਗੇ
ਉਸ ਦੀ ਬਿਮਾਰ ਮਾਂ ਲਈ
ਦਵਾਈ ਦਾ ਹੀਲਾ ਕਰਨਗੇ
ਇਸੇ ਲਈ ਉਹ
ਅਜਬ ਕਿਹੇ ਯਕੀਨ ਨਾਲ ਭਰੀ
ਗੀਤ ਗਾ ਰਹੀ ਹੈ...
ਗੀਤ ਖ਼ਤਮ ਹੋ ਗਿਆ ਹੈ
ਉਹ ਸਵਾਰੀਆਂ ਅੱਗੇ ਹੱਥ ਕਰਦੀ
ਹੌਲੀ ਹੌਲੀ ਤੁਰਦੀ
ਭੀਖ ਨਹੀਂ
ਜਿਵੇਂ ਆਪਣੀ ਕਲਾ ਦਾ ਮੁੱਲ ਮੰਗਦੀ ਹੈ
ਉਸ ਦੀਆਂ ਤਲੀਆਂ ਤੇ
ਸਿੱਕੇ ਰੱਖਦੇ ਨੇ ਲੋਕ
ਉਸ ਦੀਆਂ ਅੱਖਾਂ ਵਿੱਚ
ਆਤਮ ਵਿਸ਼ਵਾਸ ਹੋਰ ਚਮਕ ਉੱਠਦਾ ਹੈ
ਮੇਰੇ ਕੋਲੋਂ ਲੰਘਣ ਲੱਗਦੀ ਜਦੋਂ
ਮੈਂ ਵੀ ਉਸਦੀਆਂ ਹਥੇਲੀਆਂ ਤੇ
ਬਹੁਤ ਅਦਬ ਨਾਲ ਰੱਖਦਾ ਹਾਂ ਪੈਸੇ
ਉਸ ਦੀ ਆਸ ਨਾਲੋਂ ਕਿਤੇ ਵੱਧ
ਇਹ ਸੋਚ ਕੇ
ਕਿ ਉਸ ਦਾ ਆਪਣੇ ਗੀਤਾਂ ਵਿੱਚ
ਯਕੀਨ ਬਣਿਆ ਰਹੇ
ਉਸ ਦਾ
ਇਹ ਵਿਸ਼ਵਾਸ ਹੋਵੇ ਹੋਰ ਪਕੇਰਾ
ਕਿ ਇਸ ਦੌਰ ਵਿੱਚ ਵੀ
ਜਿੱਥੇ ਦੋ ਟੁੱਕ ਰੋਟੀ ਲਈ
ਲੋਕ ਕਰ ਰਹੇ ਨੇ ਲੁੱਟਾਂ ਖੋਹਾਂ
ਕੱਟ ਰਹੇ ਨੇ ਜੇਬਾਂ
ਵੇਚੇ ਜਾ ਰਹੇ ਨੇ ਜਿਸਮ
ਉਸ ਦੌਰ ਵਿਚ ਵੀ
ਇਕ ਨਿੱਕੀ ਜਿਹੀ ਕੁੜੀ
ਕਮਾ ਸਕਦੀ ਹੈ
ਸ਼ਾਮ ਦੀ ਰੋਟੀ
ਬੱਸ ਵਿਚ ਗੀਤ ਗਾ ਕੇ...
ਬਣਿਆ ਰਹੇ ਉਸ
ਆਪਣੇ ਗੀਤਾਂ ਵਿਚ ਯਕੀਨ...।