ਕੈਂਸਰ
ਮਹਿਜ ਬਿਮਾਰੀ ਨਹੀਂ
ਇੱਕ ਸਾਜਸ਼ੀ ਤੇ ਮਾਤਮੀ ਵਿਚਾਰਧਾਰਕ ਵੇਲ ਹੈ
ਜਿਸਦੀਆਂ ਜੜ੍ਹਾਂ ਵਾਈਟਹਾਊਸ ਵਿੱਚ ਹਨ
ਤੇ ਪਸਾਰਾ ਬਠਿੰਡੇ ਦੇ ਟਿੱਬਿਆਂ ਤੱਕ
ਜਿੱਥੋਂ ਹੁਣ ‘ਕੈਂਸਰ ਰੇਲ ਚਲਦੀ ਹੈ
ਕੈਂਸਰ ਮਹਿਜ ਬਿਮਾਰੀ ਨਹੀਂ
ਇੱਕ ਸੋਚੀ ਸਮਝੀ ‘ ਫੋਰਡ -ਰਾਕਫੈਲਰੀ ’*
ਆੜ੍ਹਤੀਆ ਸੋਚ ਹੈ
ਜੋ ਪਹਿਲਾਂ ਧਰਤੀ ਵਿੱਚ
ਕੈਂਸਰ ਦੇ ਬੀਜ ਪਾਉਂਦੀ ਹੈ
ਫਿਰ ਕੈਂਸਰੀ ਫ਼ਸਲਾਂ ਨੂੰ ਉੱਗਣ ਬਾਅਦ
ਜ਼ਹਰੀਲੀ ਸੇਂਜੀ ਕਰਾਉਂਦੀ ਹੈ
ਰਸਾਇਣੀ ਮੀਂਹ ਵਰ੍ਹਾਉਂਦੀ ਹੈ
ਸਾਰੇ ਦੇ ਸਾਰੇ ਰਿਜ਼ਕ ਪਾਣੀ ਨੂੰ
ਪਲੀਤ ਪਲੀਤਾ ਲਾਉਂਦੀ ਹੈ
ਤੇ ਰਿਜ਼ਕ ਖਾਣ ਵਾਲ਼ੇ ਜੀਵਾਂ ਵਿੱਚ ਕੈਂਸਰ ਫ਼ੈਲਾਉਂਦੀ ਹੈ
ਪਹਿਲਾਂ ਕੈਂਸਰ ਦੇ ਬੀਜਾਂ ਵਿੱਚੋਂ
ਫਿਰ ਇਸਦੇ ਇਲਾਜ ਵਿੱਚੋਂ
ਨਫ਼ਾ ਕਮਾਉਂਦੀ ਹੈ
ਕੈਂਸਰ
ਮਹਿਜ ਬਿਮਾਰੀ ਨਹੀਂ
ਇੱਕ ਸਾਜਸ਼ੀ ਤੇ ਮਾਤਮੀ ਵਿਚਾਰਧਾਰਕ ਵੇਲ ਵੀ ਹੈ
ਇੱਕ ਸੋਚੀ ਸਮਝੀ ਆੜ੍ਹਤੀਆ ਸੋਚ ਹੈ
ਇੱਕ ਅਜਿਹੀ ਕਲ਼ਜੋਗਣ
ਜੋ ਲਾਸ਼ਾਂ ਦੀ ਗਿਣਤੀ ਵਧਾਉਂਦੀ ਹੈ
ਤੇ ਕਫ਼ਨ ਵੇਚ ਕੇ ਵੀ ਨਫ਼ਾ ਕਮਾਉਂਦੀ ਹੈ ...
ਹੁਣ ਕੋਈ ਵੀ ਬਿਮਾਰੀ ਮਹਿਜ ਬਿਮਾਰੀ ਨਹੀਂ ਰਹੀ ...