ਚਾਨਣ ਦਾ ਕੋਈ ਭਰਿਆ ਥਾਲ ਉਲਟ ਦੇ ਸਾਈਂ
ਬੱਦਲ ਹਨੇਰੇ ਵਾਲ਼ੇ ਨਹੀਂ ਪਏ ਹਟਦੇ ਸਾਈਂ
ਆਲ੍ਹਣਿਆਂ ਦੀ ਰੌਣਕ ਜਿਹਨਾਂ ਖੋਹ ਲਈ ਸਾਰੀ
ਉਨ੍ਹਾਂ ਜ਼ਾਲਮ ਬਾਜ਼ਾਂ ਦੇ ਪਰ ਕੱਟ ਦੇ ਸਾਈਂ
ਕੋਹਝ ਇਨ੍ਹਾਂ ਦੇ ਸਾਰੀ ਦੁਨੀਆ ਦੇਖੇ ਜੇਕਰ
ਉੱਖਲੀ ਪਾ ਕੇ ਕੋਈ ਇਨ੍ਹਾਂ ਨੂੰ ਛੱਟ ਦੇ ਸਾਈਂ
ਇਲਮ ਖ਼ਜ਼ਾਨੇ ਦੇ ਵਿੱਚ ਵਾਧਾ ਕਰਦਾ ਜਾਈਂ
ਦੌਲਤ ਭਾਵੇਂ ਬਹੁਤੀ ਦੇ ਯਾ ਘੱਟ ਦੇ ਸਾਈਂ
ਦੀਨ ਫ਼ਰੋਸ਼ਾਂ ਲਿੱਸੀ ਸਾਮੀ ਸਮਝ ਲਿਆ ਏ
ਸਾਡੇ ਵੱਲੇ ਆਉਂਦੇ ਧੂੜਾਂ ਪੱਟ ਦੇ ਸਾਈਂ
ਅਸਾਂ ਤੇ ਕਲਮ ਕਬੀਲੇ ਰਲ਼ ਕੇ ਘਾਟੇ ਖਾਧੇ
ਲੋਕ ਤੇ ਇਧਰ ਢੇਰ ਮੁਨਾਫ਼ੇ ਖੱਟ ਦੇ ਸਾਈਂ
ਕੁਦਸੀ ਮੇਰਾ ਪਰਦੇਸੀ ਘਰ ਆਉਂਦਾ ਪਿਆ ਏ
ਇਹ ਖ਼ੁਸ਼ਖ਼ਬਰੀ ਝੱਬ ਦੇ ਸਾਈਂ ਝੱਟ ਦੇ ਸਾਈਂ