ਚਾਂਦੀ ਸੋਨੇ ਤੇ ਹੀਰੇ ਦੀ ਖਾਨ 'ਤੇ ਟੈਕਸ

ਚਾਂਦੀ ਸੋਨੇ ਤੇ ਹੀਰੇ ਦੀ ਖਾਨ 'ਤੇ ਟੈਕਸ ।

ਬੈਠਕ ਡਿਉਢੀ ਚੌਬਾਰੇ ਦਾਲਾਨ 'ਤੇ ਟੈਕਸ ।

ਟੈਕਸ ਲੱਗਿਆ ਦੁਕਾਨ ਅਤੇ ਮਕਾਨ 'ਤੇ ਟੈਕਸ ।

ਬੈਠੇ ਥੜ੍ਹੇ 'ਤੇ ਲੱਗ ਗਿਆ ਭਲਵਾਨ 'ਤੇ ਟੈਕਸ ।

ਅਕਲਮੰਦ ਤੇ ਨਾਲੇ ਹੈ ਨਾਦਾਨ 'ਤੇ ਟੈਕਸ ।

ਪਾਣੀ ਪੀਣ ਅਤੇ ਰੋਟੀ ਖਾਣ 'ਤੇ ਟੈਕਸ ।

ਆਏ ਗਏ ਮੁਸਾਫ਼ਿਰ ਤੇ ਮਹਿਮਾਨ 'ਤੇ ਟੈਕਸ ।

ਅੰਜੀਲ ਉੱਤੇ ਟੈਕਸ ਤੇ ਕੁਰਆਨ 'ਤੇ ਟੈਕਸ ।

ਲੱਗ ਨਾ ਜਾਏ ਦੀਨ ਤੇ ਈਮਾਨ 'ਤੇ ਟੈਕਸ ।

ਇਨਸਾਨ 'ਤੇ ਟੈਕਸ ਹੈਵਾਨ 'ਤੇ ਟੈਕਸ ।

ਦੂਣਾ ਮੋਏ ਤੇ ਜਿਊਂਦੇ ਦੀ ਜਾਨ 'ਤੇ ਟੈਕਸ ।

ਇਸ ਵਾਸਤੇ ਬੋਲਦਾ ਨਹੀਂ 'ਦਾਮਨ',

ਮਤਾਂ ਲੱਗ ਜਾਏ ਮੇਰੀ ਜ਼ੁਬਾਨ 'ਤੇ ਟੈਕਸ ।

📝 ਸੋਧ ਲਈ ਭੇਜੋ