ਚੜ੍ਹਤਲ ਕਮਾਲ ਦੇਖ ਕੇ ਉਹਦੇ ਸ਼ਬਾਬ ਦੀ

ਚੜ੍ਹਤਲ ਕਮਾਲ ਦੇਖ ਕੇ ਉਹਦੇ ਸ਼ਬਾਬ ਦੀ ।

ਦਿੰਦੇ ਨੇ ਲੋਕ ਦਾਦ ਮੇਰੇ ਇੰਤਖ਼ਾਬ ਦੀ ।

ਭੁੱਕੀਆਂ ਜਦੋਂ ਤੋਂ ਓਸ ਦੇ ਮੁਖੜੇ ਤੇ ਲਾਲੀਆਂ,

ਚਿੱਟੀ ਸਫ਼ੈਦ ਹੋ ਗਈ ਰੰਗਤ ਗੁਲਾਬ ਦੀ ।

ਕੁਝ ਮੇਰਾ ਵੀ ਸਵਾਲ ਸੀ ਮਹਿਮਲ ਜਿਹਾ ਜ਼ਰੂਰ,

ਕੁਝ ਓਸ ਨੇ ਵੀ ਲੋੜ ਨਾ ਸਮਝੀ ਜਵਾਬ ਦੀ ।

ਆਇਆ ਤੇ ਦਿਲ ਨੂੰ ਹੋਰ ਨਵੇਂ ਜ਼ਖ਼ਮ ਦੇ ਗਿਆ,

ਚਿਰ ਤੋਂ ਬੜੀ ਉਡੀਕ ਸੀ ਜਿਸ ਇਨਕਲਾਬ ਦੀ ।

ਇਕ ਇਕ ਅਦਾ ਏ ਵਕਤ ਦੀ ਅੱਖਾਂ ਦੇ ਸਾਮ੍ਹਣੇ,

ਮੈਂ ਸਤਰ ਸਤਰ ਪੜ੍ਹ ਰਿਹਾਂ ਖੁੱਲੀ ਕਿਤਾਬ ਦੀ ।

ਸਾਨੂੰ ਮਸੀਤੋਂ ਤੋੜ ਕੇ ਲੈ ਆਈ ਮੈਕਦੇ,

ਕਿੱਥੇ ਖੜੇ੍ਹਗੀ ਹੋਰ ਇਹ ਨੀਅਤ ਸਬਾਬ ਦੀ ।

ਗੁਜਰਾਤ ਦੀ ਜ਼ਮੀਨ ਦਾ 'ਸਾਕੀ' ਇਹ ਫ਼ੈਜ਼ ਏ,

ਪਾਈ ਤੇਰੇ ਕਲਮ ਨੇ ਰਵਾਨੀ ਚਨਾਬ ਦੀ ।

📝 ਸੋਧ ਲਈ ਭੇਜੋ