ਕਿਸ ਕੋਨੇ ਵਿੱਚ ਵੱਸਦੈਂ, ਵੇ ਮੇਰੇ ਦਿਲ ਦਿਆ ਚੈਨਾ?

ਕਿਸ ਦੀਆਂ ਤਲੀਆਂ ਝੱਸਦੈਂ, ਵੇ ਮੇਰੇ ਦਿਲ ਦਿਆ ਚੈਨਾ ?

ਅੱਜ ਕੱਲ ਛੇਤੀ ਕਿਤੇ ਨੀ ਮਿਲਦਾ, ਮੰਦੜਾ ਹਾਲ ਹੋਇਆ ਮੇਰੇ ਦਿਲ ਦਾ।

ਕਿਹੜੀ ਗੱਲੋਂ ਜਖਮ ਤੂੰ ਛਿਲਦਾ, ਝਾਤੀ ਮਾਰ ਕਿਓਾ ਨੱਸਦੈਂ ਵੇ ਮੇਰੇ ਦਿਲ ਦਿਆ ਚੈਨਾ।

ਕਿਸ ਕੋਨੇ ਵਿੱਚ ਵੱਸਦੈਂ ਵੇ ਮੇਰੇ ਦਿਲ ਦਿਆ ਚੈਨਾ..............

ਮੈਂ ਰਿਹਾ ਜਿਓਣ ਦਾ ਹੀਲਾ ਕਰਦਾ, ਨਿੱਤ ਇਕ ਗੇੜਾ ਦਫਤਰੋਂ ਘਰ ਦਾ।

ਤੇਰੇ ਤੋਂ ਦੱਸ ਕਾਹਦਾ ਪਰਦਾ, ਸੱਚੀ ਗੱਲ ਤੈਨੂੰ ਦੱਸਦੈਂ ਵੇ ਮੇਰੇ ਦਿਲ ਦਿਆ ਚੈਨਾ।

ਕਿਸ ਕੋਨੇ ਵਿੱਚ ਵੱਸਦੈਂ ਵੇ ਮੇਰੇ ਦਿਲ ਦਿਆ ਚੈਨਾ..............

ਐਸੇ ਪਏ ਇਸ ਜਿੰਦ ਨੂੰ  ਪੰਗੇ, ਕਾਲੇ ਹੋ ਗਏ ਚਾਂਦੀ ਰੰਗੇ।

ਰੂਹ ਮੇਰੀ ਤੇਰਾ ਸਾਥ ਪਈ ਮੰਗੇ, ਤੂੰ ਮੇਰੇ ਤੇ ਹੱਸਦੈਂ! ਵੇ ਮੇਰੇ ਦਿਲ ਦਿਆ ਚੈਨਾ।

ਕਿਸ ਕੋਨੇ ਵਿੱਚ ਵੱਸਦੈਂ ਵੇ ਮੇਰੇ ਦਿਲ ਦਿਆ ਚੈਨਾ..............

ਦੌੜ ਪੈ ਮੈਥੋਂ ਹੋਈ ਕੁਰੀਤੀ, ਭੁੱਲ ਹੋਈ ਮੈਂ ਤੇਰੀ ਕਦਰ ਨੀ ਕੀਤੀ।

ਅੱਜ ਤੈਨੂੰ ਬੁਲਾਉਣ ਲਈ ਪੀਤੀ, ਤੂੰ ਵੀ ਆਸ਼ਕ ਏਸੇ ਰਸ ਦੈਂ ਵੇ ਮੇਰੇ ਦਿਲ

ਦਿਆ ਚੈਨਾ।

ਕਿਸ ਕੋਨੇ ਵਿੱਚ ਵੱਸਦੈਂ ਵੇ ਮੇਰੇ ਦਿਲ ਦਿਆ ਚੈਨਾ..............

ਬਿਨ ਤੇਰੇ ਬੱਸ ਜੀਵਨ ਬਲਣਾ, ਬਹੁਤੀ ਦੇਰ ਨੀ ਐਦਾਂ ਚੱਲਣਾ।

ਪਤਾ ਨੀ ਕਦ ਪਰਛਾਵਾਂ ਢਲਣਾ, "ਮੰਡੇਰ" ਕਿਓਾ ਤਨਜਾਂ ਕੱਸਦੈਂ ਵੇ ਮੇਰੇ ਦਿਲ

ਦਿਆ ਚੈਨਾ।

ਕਿਸ ਕੋਨੇ ਵਿੱਚ ਵੱਸਦੈਂ ਵੇ ਮੇਰੇ ਦਿਲ ਦਿਆ ਚੈਨਾ?

ਕਿਸ ਦੀਆਂ ਤਲੀਆਂ ਝੱਸਦੈਂ ਵੇ ਮੇਰੇ ਦਿਲ ਦਿਆ ਚੈਨਾ ?

📝 ਸੋਧ ਲਈ ਭੇਜੋ