ਸਿੱਖ ਲੈਣਾ ਚੱਜ ਅਸਾਂ, ਜ਼ਿੰਦਗੀ ਜਿਊਣ ਦਾ।
ਵਾ-ਵਰੋਲ਼ੇ ਵਾਂਗ ਸੰਗ, ਸਭ ਨੂੰ ਘੁਮਾਉਣ ਦਾ।
ਸਿਰ ਨਿਵਾਂ ਕੇ ਕਾਸ ਤੋਂ, ਚੱਲਦੀ ਰਹਾਂ ਮੈਂ ਦੋਸਤੋ!
ਉਡਾਦਿਆਂ ਬਇੰਦਿਆ ਨੂੰ, ਤੱਕਾਂ ਕਿਉਂ ਨਾ ਦੋਸਤੋ!
ਦਿਲ ਕਰੇ ਤੱਕਾਂ ਹਵਾਵਾਂ, ਸੱਜਰੀਆਂ ਸੁਹਾਵਣੀਆਂ।
ਹਨੇਰੀਆਂ ਵੀ ਤੱਕ ਲਵਾਂ, ਪੱਤਿਆਂ ਉਡਾਵਣੀਆਂ।
ਵਾ ਵਰੋਲ਼ੇ ਵੇਖਣਾ ਮੈਂ, ਖਾਂਦਾ ਘੁੰਮਣ-ਘੇਰੀਆਂ।
ਗੱਲਾਂ ਕਰ ਲੋਕੀਂ ਹੱਸਣਦੇ, ਤੇਰੀਆਂ ਤੇ ਮੇਰੀਆਂ।
ਵੇਖਾਂ ਕਿੱਦਾਂ ਦੇਈ ਜਾਂਦਾ, ਮਿੱਟੀ ਉਡਾ ਝਕਾਨੀਆਂ।
ਸਿੱਖਣੀਆਂ ਮੈਂ ਇਹਦੇ ਕੋਲ਼ੋਂ, ਕਰਨੀਆਂ ਨਦਾਨੀਆਂ।
ਨਾਲ਼ੇ ਇਹਦੇ ਕੋਲ਼ੋਂ ਮੈਂ, ਸਿੱਖਣੀਆਂ ਦਲੇਰੀਆਂ।
ਕਿੱਦਾਂ ਡਿੱਕ-ਡੋਲੇ ਖਾਂਦਾ, ਖਿੱਚ ਲੈਂਦਾ ਢੇਰੀਆਂ।
ਸਿੱਖਣਾ ਮੈਂ ਇਹਦੇ ਕੋਲ਼ੋਂ, ਡਿੱਗ-ਡਿੱਗ ਉੱਠਣਾ।
ਆਖ਼ਰ ਮਿੱਟੀ ਕਿੰਞ ਸਮਾਵੇ, ਓਸ ਕੋਲੋਂ ਪੁੱਛਣਾ।
ਦੱਸੂ ਉਹ ਅੰਦਾਜ਼ ਕਿੱਦਾਂ, ਜਿੱਤੀ ਬਾਜ਼ੀ ਹਾਰੀਦੀ।
ਭੁੱਲੇ ਕਦੇ ਨਾ ਚੇਤਾ, ਜਿੰਦ ਸੋਹਣਿਆਂ ਇੰਞ ਵਾਰੀਦੀ।
ਨਵੇਂ ਇਸਤੋਂ ਅੰਦਾਜ਼ ਸਿੱਖ, ਮੈਂ ਨਵੀਂ ਪੈੜ ਤੁਰੂੰਗੀ।
ਨਵੇਂ ਰੁਖ ਦੀ ਕਵਿਤਾ ਲਿਖ, ਦੁਨੀਆਂ ਤੋਂ ਮਰੂੰਗੀ।
ਲੋਕ ਦੱਸਣ ਕਿ ਗਰਮੀ ਕਾਰਨ, ਆਉਂਦੇ ਵਾ ਵਰੋਲ਼ੇ।
ਸਰਬ ਮੰਨਦੀ ਸਤਿ ਕਰਤਾਰ, ਇਹ ਤੇਰੇ ਰੰਗ ਨਿਰਾਲੇ।