ਭਾਗਾਂ ਵਾਲੇ ਪੰਛੀ ਜਿਹੜੇ 

ਦੂਰ ਦੁਰਾਡੇ

ਮਨ ਦੀ ਮੌਜ਼ ਉਡਾਰੀ ਲਾਉਂਦੇ

ਚੋਗਾ ਚੁਗਦੇ

ਤੇ ਤਰਕਾਲੀ ਪੋਟੇ ਭਰ ਕੇ ਘਰ ਨੂੰ ਆਉਂਦੇ

ਕਲ੍ਹ ਦਾ ਗ਼ਮ ਨਾ ਨਾਲ ਲਿਆਉਂਦੇ

ਅਸੀਂ ਵਿਚਾਰੇ

ਕਰਮਾਂ ਹਾਰੇ

ਖੰਭ ਕਤਰਾ ਕੇ

ਇਸ ਚੋਗੇ ਦੇ ਮਾਰੇ

ਇਕ ਪਿੰਜਰੇ ਵਿਚ ਬੈਠੇ ਜੀ ਨੂੰ ਝੋਰਾ ਲਾ ਕੇ

ਇਸ ਚੂਰੀ ਦੀ ਝਾਕ 'ਚ

ਰਹਿੰਦੇ

ਸਾਡੇ ਮੂੰਹ ਵਿਚ ਬੋਲ ਬਿਗਾਨੇ 

ਸੈਨਤ ਮੰਨਦੇ

ਤਨੁ ਮਨੁ ਲੇਖੇ ਲਾ ਕੇ ਅੰਨ ਦੇ

ਇਹ ਭੁੱਖਾਂ ਦੇ ਸੰਸੇ

ਬੇ ਪਰਵਾਹ ਭਾਵਾਂ ਨੂੰ

ਤੇ ਅਨੁਭਵ ਨੂੰ

ਹੌਲੀ ਹੌਲੀ ਨਿੱਸਲ ਕਰਕੇ

ਸਾਰੇ ਉਜ਼ਰ ਮੁਕਾ ਜਾਂਦੇ ਨੇ

ਆਗਿਆਕਾਰ

ਕਾਰ ਵਿਚ ਬੱਝੇ

ਆਪਣੀ ਕਾਰ ਉਲੰਘ ਨਹੀਂ ਸਕਦੇ

ਸਾਡੀ ਕੋਈ ਆਬ ਨਹੀਂ ਹੈ

ਤਾਬ ਨਹੀਂ ਹੈ

ਮਾਣਸ ਜਨਮ ਅਮੋਲਕ ਹੀਰਾ

ਚੱਟ ਕੇ ਆਪਾਂ

ਅਪਣਾ ਅਸਲ ਮੁਕਾ ਬੈਠਾ ਹਾਂ 

ਅਪਣਾ ਕੋਈ

ਆਪਣੇ ਉੱਤੇ ਹੱਕ ਨਹੀਂ ਚੱਲਦਾ

ਜ਼ੋਰ ਨਹੀਂ ਹੈ

ਕੌਡਾਂ ਭਾੜੇ

ਦੇਹ ਦੀ ਮਿੱਟੀ ਵੇਚ ਲਈ ਹੈ

ਤੇ ਆਉਂਦੇ ਸਾਹਾਂ ਨੂੰ ਗਹਿਣੇ ਪਾ ਬੈਠੇ ਹਾਂ 

ਏਦੂੰ ਗੱਲੋਂ

ਸਾਡੇ ਨਾਲੋਂ ਪੰਛੀ ਚੰਗੇ।

📝 ਸੋਧ ਲਈ ਭੇਜੋ