ਜਾਦੂਗਰਾਂ ਸਾਨੂੰ ਚੱਕਰਾਂ ‘ਚ ਪਾਈ ਰੱਖਿਆ,
ਜੂਠੇ ਸ਼ਬਦਾਂ ਨੂੰ ਸੁੱਚੇ ਸੀ ਬਣਾਈ ਰੱਖਿਆ।
ਕਦੇ ਆਖਦੇ, ‘ਸੁਲੱਖਣੀ’ ਬਹਾਰ ਆਏਗੀ,
ਲੈ ਕੇ ਰੁੱਤ ਨਵੀਂ, ਸੁਪਨੇ ਹਜ਼ਾਰ ਆਏਗੀ।’
ਗੱਲਾਂ ਕਰ ਕਰ ਦੁਬਿਧਾ ‘ਚ ਪਾਈ ਰੱਖਿਆ।
ਕਦੇ ਕਹਿਣ ਵਿਹੜੇ-ਵਿਹੜੇ ਗੁਲਜ਼ਾਰ ਹੋਣਗੇ,
ਫੁੱਲ ਹੱਥਾਂ ਵਿੱਚ ਫੜੀ, ਦਿਲਦਾਰ ਹੋਣਗੇ,
ਟੂਣੇਹਾਰਾਂ ਦਿਨ ਰਾਤ ਭਰਮਾਈ ਰੱਖਿਆ।
ਕਦੇ ਦੱਸਿਆ ਕਿ ਤਾਰਿਆਂ ਦੇ ਥਾਲ ਆਉਣਗੇ,
ਸਾਡੇ ਦੁੱਖ ਸੁੱਖ ਵਿੱਚ ਹੋ ਭਿਆਲ ਆਉਣਗੇ,
ਵੰਡ ਲਾਰਿਆਂ ਦੇ ਤੋਹਫੇ ਉਲਝਾਈ ਰੱਖਿਆ।
ਗੱਲਾਂ ਸੁਣ-ਸੁਣ ਅਸੀਂ ਤਾਂ ਨਿਹਾਲ ਹੋ ਗਏ,
ਸਾਨੂੰ ਜਾਪੇ ਰਾਤੋ ਰਾਤ ਖੁਸ਼ਹਾਲ ਹੋ ਗਏ,
ਬੈਂਕਾਂ ਵਾਲਿਆਂ ਨੇ ਜਾਲ ਸੀ ਵਿਛਾਈ ਰੱਖਿਆ।
ਸਾਨੂੰ ਲਿਮਟਾਂ ਨੇ ਮਾਰਿਆ ਤੇ ਰੋਲ ਸੁੱਟਿਆ,
ਰਹਿੰਦਾ ਕਿਸ਼ਤਾਂ ਤੇ ਸੂਦ ਨੇ ਮਧੋਲ ਸੁੱਟਿਆ,
ਪੁੱਠਾ ਵਾਂਗ ਤ੍ਰਿਸ਼ੰਕੂ ਲਟਕਾਈ ਰੱਖਿਆ।