ਚਲਾ ਜਾਈਂ, ਢਲ ਜਾਣ

ਚਲਾ ਜਾਈਂ, ਢਲ ਜਾਣ ਪਰਛਾਵੇਂ ਜੋਗੀਆ

ਜਾ ਬਹਿਜਾ ਬਿੰਦ ਪਿੱਪਲੀ ਦੀ ਛਾਵੇਂ ਜੋਗੀਆ

ਏਥੇ ਸਦਾ ਨਹੀਓਂ ਬਹਿਣਾ ਕਿਸੇ ਮੱਲ ਕੇ ਟਿਕਾਣਾ

ਵਾਰੋ ਵਾਰੀ ਵੇ ਫ਼ਕੀਰਾ ਸਾਰਿਆਂ ਨੇ ਤੁਰ ਜਾਣਾ

ਪੱਕੇ ਘਰ ਏਥੇ ਕੱਚੇ ਸਿਰਨਾਵੇਂ ਜੋਗੀਆ...

ਰੇਤ ਵਿਚ ਰਲ ਜਾਣੇ ਸਾਰੇ ਰੇਤ ਦੇ ਮਹੱਲ

ਸਾਰੇ ਪਾਣੀਆਂ ਨੇ ਜਾਣਾ ਵੇ ਸਮੁੰਦਰਾਂ ਦੇ ਵੱਲ

ਬੂੰਦਾਂ ਹੋਣਗੀਆਂ ਫੇਰ ਇਕ ਥਾਵੇਂ ਜੋਗੀਆ...

ਪੈਣੇ ਇਕ ਦਿਨ ਅਗਨੀ ਨੂੰ ਮੋੜਨੇ ਚਰਾਗ਼

ਰਲ ਜਾਊਗਾ ਹਵਾਵਾਂ ਵਿਚ ਜ਼ਿੰਦਗੀ ਦਾ ਰਾਗ

ਸਾਹ ਸਾਰਿਆਂ ਦੇ ਕੋਲ ਸਾਵੇਂ ਸਾਵੇਂ ਜੋਗੀਆ...

ਘੜੀ ਪਲ ਦਾ ਪ੍ਰਹੁਣਾ ਵੇ ਪਰਿੰਦਿਆਂ ਦਾ ਖੇਲ੍ਹ

ਖ਼ੌਰੇ ਕਿਹੜੇ ਵੇਲੇ ਚੱਲ ਜਾਣੀ ਸਮੇਂ ਦੀ ਗੁਲੇਲ

ਸਮਾਂ ਕਰ ਦਿੰਦਾ ਸਭ ਨੂੰ ਨਿਥਾਵੇਂ ਜੋਗੀਆ...

ਜਾ ਬਹਿਜਾ ਬਿੰਦ ਪਿੱਪਲੀ ਦੀ ਛਾਵੇਂ ਜੋਗੀਆ..

📝 ਸੋਧ ਲਈ ਭੇਜੋ