ਚਾਲਾਕੀ ਮੱਕਾਰੀ ਦਾ

ਚਾਲਾਕੀ ਮੱਕਾਰੀ ਦਾ, ਅੱਯਾਰੀ ਦਾ ।

ਵਲ ਸਿੱਖ਼ ਤੂੰ ਵੀ ਝੱਲਿਆ ਦੁਨੀਆਦਾਰੀ ਦਾ ।

ਵੇਲਾ ਜਿਸ ਨੂੰ ਰੱਖੇ ਆਪਣੀ ਠੋਕਰ ਵਿਚ,

ਓਸ ਨਿਮਾਣੇ ਨੂੰ ਨਹੀਂ ਪੱਥਰ ਮਾਰੀ ਦਾ ।

ਨਜ਼ਰੀਂ ਆਉਣ ਜੇ ਵੱਟ ਤਕਦੀਰ ਦੇ ਮੱਥੇ ਤੇ,

ਸਿਰ ਨੂੰ ਸੁੱਟ ਕੇ ਆਪਣਾ ਵਕਤ ਗੁਜ਼ਾਰੀ ਦਾ ।

ਢੇਰੀ ਹੁੰਦਾ ਦੁਖ ਦੇ ਇੱਕੋ ਠੇਡੇ ਨਾਲ,

ਖ਼ਾਹਸ਼ਾਂ ਦਾ ਨਈਂ ਉੱਚਾ ਮਹਿਲ ਉਸਾਰੀ ਦਾ ।

'ਸ਼ਾਹਿਦ' ਜੇ ਕਰ ਡਿਗਣੈ ਓੜਕ ਮੂੰਹ ਦੇ ਭਾਰ,

ਫ਼ਾਇਦਾ ਕੀ ਫਿਰ ਏਨੀ ਤੇਜ਼ ਉਡਾਰੀ ਦਾ ।

📝 ਸੋਧ ਲਈ ਭੇਜੋ