ਚੱਲ ਏਥੋਂ ਚੱਲੀਏ
ਹਰ ਪਾਸੇ ਹਨੇਰ
ਝੋਰਿਆਂ ਚ ਰਾਤ ਸੌਂਵੇਂ
ਜਾਗੇ ਤੌਖ਼ਲੀਂ ਸਵੇਰ
ਅੰਬਾਂ ਦੇ ਬੂਟਿਆਂ 'ਤੇ
ਉਦਾਸ ਜੇਹੀ ਰੁੱਤ
ਗੀਗਿਆਂ ਦੇ ਚਾਅ ਸਾਂਹਵੇਂ
ਖ਼ੁਰ ਜਾਂਦੀ ਕੁੱਖ਼
ਰਾਹੀਂ ਚੁਰਾਹੀਂ ਸਾਰੇ
ਲਾਸ਼ਾਂ ਦੀ ਹਵਾੜ
ਡੀਕ ਗਈ ਢਾਣੀਆਂ
ਸੁੱਤੀ ਵਿਹੜੀਂ ਉਜਾੜ
ਘੜ੍ਹਿਆਂ ਦੇ ਪਾਣੀਆਂ ਤੋਂ
ਝੜ੍ਹਿਆ ਇਤਬਾਰ
ਸੁੱਕੇ ਪਿਆਸੇ ਰੁੱਖ ਖੜ੍ਹੇ
ਸੱਖਣੇ ਬਜ਼ਾਰ
ਤਾਰਿਆਂ ਦੀ ਪਰਾਤ ਵਿਚ
ਡੁੱਲ੍ਹਿਆ ਸੰਧੂਰ
ਵੰਗਾਂ ਦੇ ਟੋਟਿਆਂ ਚ
ਡੋਲੀ ਚੜ੍ਹੀ ਹੂਰ
ਸ਼ਾਮ ਦੀ ਗਹਿਰ ਬਣੀ
ਖ਼ੂਨੀ ਤਕਦੀਰ
ਈਮਾਨ ਦੀ ਹਿੱਕ ਵਿਚ
ਡੁੱਬੀ ਸ਼ਮਸ਼ੀਰ
ਸੱਜਰੀ ਸਵੇਰ ਵੇਲੇ
ਬਰੂਹਾਂ ਚ ਕਾਂਡ
ਦਿਲਾਂ ਚ ਬਾਤਾਂ ਲੈ
ਸੌਂ ਜਾਣ ਗਵਾਂਢ
ਪੌਣਾਂ ਗਲ 'ਗੂਠੇ
ਖੰਜ਼ਰ ਨੇ ਰਾਹਵੀਂ
ਧਰਤੀ ਨੂੰ ਗਸ਼
ਤਾਰੇ ਨੇ ਚਿਖਾਵੀਂ
ਸੀਨਿਆਂ 'ਚ ਚੁੱਪ
ਮੋੜਾਂ ਤੇ ਸੰਗੀਨਾਂ
ਟਕਿਆਂ ਨੂੰ ਸੀਨੇ
ਮਹਿੰਗੀਆਂ ਜ਼ਮੀਨਾਂ
ਘਰੋ ਘਰੀ ਟੁਰ ਗਈ
ਆਈ ਮੁਲਾਕਾਤ
ਕਣਕ ਦੇ ਵਿਆਹ ਵੇਲੇ
ਢੁੱਕੀ ਬਰਸਾਤ
ਬਹਾਰ ਦੀ ਰੁੱਤੇ
ਕਾਇਨਾਤ ਭੁੱਲੀ ਗੀਤ
ਤਲੀਆਂ ਤੋਂ ਮਹਿੰਦੀ ਖੁਰੀ
ਖ਼ਾਮੋਸ਼ ਹੈ ਪਰੀਤ
ਪਲਕਾਂ ਤੋਂ ਨਾ ਪੂੰਝ
ਹੁਸਨ ਦਾ ਸਰੂਰ
ਰੋਜ਼ ਨਹੀਂ ਮਰਨਾ
ਤਾਰਿਆਂ ਦਾ ਪੂਰ
ਏਦਾਂ ਨਹੀਂ ਰੋਜ਼
ਢੱਲਣੀ ਦੁਪਹਿਰ
ਬਹੁਤ ਮਹਿਕਾਂ ਫੁੱਲ ਏਥੇ
ਵਸੇ ਰਹਿਣੇ ਸ਼ਹਿਰ
ਨਿੱਤ ਨਹੀਂ ਰਹਿਣੀ
ਅੰਬਰਾਂ ਤੇ ਗਹਿਰ
ਹਰ ਵੇਲੇ ਲੰਘਣੇ ਨਹੀਂ
ਧਰਤ ਉੱਤੋਂ ਕਹਿਰ