ਚੱਲ ਮੇਰੇ ਨਾਲ
ਹੱਥ 'ਚ ਹੱਥ ਪਾ
ਆਪਾਂ ਮਖ਼ਮਲੀ ਜੇਹੇ ਲੋਗੜ ਵਰਗੇ ਬੱਦਲਾਂ 'ਤੇ ਤੁਰੀਏ
ਤੇ ਨਿੱਕੀਆਂ ਨਿੱਕੀਆਂ ਗੱਲਾਂ ਕਰਾਂਗੇ
ਓਹੀ ਜਿਹੜੀਆਂ ਤੂੰ ਤੇ ਮੈਂ
ਪਾਰਕ 'ਚ ਕਰਿਆ ਕਰਦੇ ਸਾਂ ਦੇਰ ਤੱਕ
ਹਰੇ ਕਚੂਰ ਘਾਹ ਦੀ ਚਾਦਰ ਵਿਛਾ ਕੇ
ਜਦੋਂ ਤਾਰੇ ਵੀ ਆ ਜਾਂਦੇ ਸਨ
ਸਾਨੂੰ ਲੁਕ ਲੁਕ ਤੱਕਣ
ਚੱਲ ਭੁੱਲ ਜਾਈਏ ਸਾਰੀ ਦੁਨੀਆਂ
ਕਰੀਏ ਆਪਣੀਆਂ ਰਹਿ ਗਈਆਂ ਗੱਲਾਂ
ਖ਼ੁਰ ਗਈਆਂ ਉੱਸਰਦੀਆਂ ਮੁਲਾਕਾਤਾਂ
ਡੂੰਘੇ ਡੂੰਘੇ ਸਾਗਰ ਤਰੀਏ
ਚੁੱਪ ਚਾਪ ਕਿਉਂ ਅੰਦਰ ਵੜ ਮਰੀਏ
ਰੁੱਖਾਂ ਨੇ ਤਾਂ ਰਹਿਣਾ ਕਹਿੰਦੇ
ਇਹ ਨਾ ਰੰਗੀਂ ਕਿਸੇ ਨੂੰ ਸਹਿੰਦੇ
ਦੇਖ ਕਿੰਨੇ ਖੇਡਣ ਲਈ ਤਾਰੇ
ਦੇਖੀਂ ਕੋਈ ਪੈਰ ਹੇਠ ਨਾ ਆ ਜਾਵੇ
ਜ਼ਖ਼ਮੀ ਹੋ ਜਾਵੇਗਾ
ਕਈ ਅਜੇ ਸੁੱਤੇ ਪਏ ਨੇ
ਹੋਣੇ ਦੇਖਦੇ ਤੇਰੇ ਵਰਗੇ ਸੁਫ਼ਨੇ
ਜਗਾ ਨਾ ਦੇਵੀਂ
ਸੁਫ਼ਨੇ ਬਹੁਤ ਕੋਮਲ ਹੁੰਦੇ ਹਨ
ਰੰਗੀਨ ਪੱਤੀਆਂ ਵਰਗੇ
ਜਗਦੀਆਂ ਬੁਝਦੀਆਂ ਬੱਤੀਆਂ ਵਰਗੇ
ਇਹ ਸਾਰੀ ਦੁਨੀਆਂ ਵੀ ਤਾਂ ਇਕ ਸੁਫਨਾ ਹੀ ਹੈ
ਕਦੋਂ ਕਿਸੇ ਦਾ ਸੁਫ਼ਨਾ ਟੁੱਟ ਜਾਵੇ
ਕਿਸੇ ਨੂੰ ਕੋਈ ਨਹੀਂ ਖਬਰ
ਹਰ ਕੋਈ ਰਾਤ ਸੁਫ਼ਨਾ ਹੰਢਾਵੇ
ਹਰ ਅੱਖ ਦੇ ਵਿਚ ਇਕ ਇਕ ਪਾਵੇ
ਵੇ ਸਾਨੂੰ ਵੀ ਉਮਰ ਸੁਫ਼ਨਿਆਂ ਦੀ ਲੱਗ ਜਾਵੇ
ਛੱਡ ਅਸੀਂ ਕੀ ਲੈਣਾ ਸੁਫ਼ਨਿਆਂ ਕੋਲੋਂ
ਪਲਕ 'ਤੇ ਆਉਣ ਤਾਂ ਟੁੱਟ ਜਾਣ
ਕੀ ਕੰਮ ਇਹੋ ਜੇਹੇ ਸੁਫ਼ਨੇ
ਪਲ ਭਰ ਜਿਹਨਾਂ ਦੀ ਜ਼ਿੰਦਗੀ
ਦੋ ਚਾਰ ਜਿਹਨਾਂ ਦੇ ਸਾਹ
ਇਕ ਤਾਂ ਇਕੱਲਤਾ ਨੇ ਝੰਭਿਆ
ਦੂਜਾ ਤੇਰਾ ਵਿਯੋਗ ਜੇਹਾ ਖਾਵੇ
ਤੀਜਾ ਜੇ ਆਵੇ ਤੇਰਾ ਸੁਫ਼ਨਾ
ਪਲਾਂ ਵਿਚ ਹੀ ਝੱਟ ਟੁੱਟ ਜਾਵੇ
ਨੇੜੇ ਖੜ੍ਹੇ ਸਾਰੇ ਰੁੱਖ ਰੋਣ
ਝੋਲੀਆਂ ਭਰ ਭਰ ਹੰਝੂ ਚੋਣ
ਸੁਫ਼ਨਿਆਂ ਨੂੰ ਕਹਿ ਦਿਓ
ਜੇ ਅੱਖਾਂ 'ਚ ਆਉਣਾ ਤਾਂ ਵਸਣ ਲਈ ਔਣ
ਬੱਚਿਆਂ ਦੇ ਖਿਡੌਣਿਆਂ ਵਰਗੇ ਹੋਣ
ਕਾਲੀਆਂ ਰਾਤਾਂ 'ਚ ਡਰੇ ਨੰਨਿਆਂ ਨੂੰ
ਘੁੱਟ ਗਲਵੱਕੜੀ 'ਚ ਲੈ ਕੇ ਸੌਣ
ਤੇ ਉਤੋਂ ਵਗਦੀ ਹੋਵੇ ਤੇਰੇ ਸਾਹਾਂ 'ਚੋਂ ਰੁਮਕਦੀ ਪੌਣ