ਚੱਲ ਓਏ ਪੁੱਤਰਾ

ਚੱਲ ਓਏ ਪੁੱਤਰਾ ਚੱਲਿਆ ਚੱਲ

ਪੈਣ ਕਲੇਜੇ ਭਾਵੇਂ ਸੱਲ੍ਹ।

ਕਰੋਨੇ ਹਾਹਾਕਾਰ ਮਚਾਈ

ਮਹਾਂਮਾਰੀ ਦੀ ਪਈ ਦੁਹਾਈ

ਲੋਕਾਂ ਹੱਥੀਂ ਪੈਰੀਂ ਪੈ ਗਈ

ਦੌਲਤ ’ਕੱਠੀ ਕੀਤੀ ਰਹਿ ਗਈ

ਢੇਰ ਲਾਸ਼ਾਂ ਦੇ ਲੱਗੀ ਜਾਵਣ

ਕੌਣ ਪਾਊਗਾ ਇਸਨੂੰ ਠੱਲ੍ਹ।

ਚੱਲ ਓਏ ਪੁੱਤਰਾ ਚੱਲਿਆ ਚੱਲ

ਪੈਣ ਕਲੇਜੇ ਭਾਵੇਂ ਸੱਲ੍ਹ।

ਲਾਲ ਲਹੂ ਹੁਣ ਚਿੱਟਾ ਹੋਇਆ

ਬੰਦਾ ਅਸਲੋਂ ਨੰਗਾ ਹੋਇਆ

ਕਰੋਨੇ ਮਾਈ, ਮਾਰ ਮੁਕਾਈ

ਬਾਪੂ ਲਾਸ਼ ਨੂੰ, ਅੱਗ ਨਾ ਲਾਈ

ਗੱਡੀ ਬੈਠਾ ਪੁੱਤਰ ਸੋਚੇ

ਸੌਖੇ, ਮਸਲਾ ਹੋਇਆ ਹੱਲ।

ਚੱਲ ਓਏ ਪੁੱਤਰਾ ਚੱਲਿਆ ਚੱਲ

ਪੈਣ ਕਲੇਜੇ ਭਾਵੇਂ ਸੱਲ੍ਹ।

ਕੁਦਰਤ ਕੈਸਾ ਖੇਲ ਰਚਾਇਆ

ਖ਼ੁਦ ਨੂੰ ਸੋਹਣਾ ਕਰ ਦਿਖਲਾਇਆ

ਸੁਪਨੇ ਵਿੱਚ ਇਕ ਬਾਬਾ ਆਇਆ

ਆਖੇ, ‘‘ਬੰਦਾ ਖੂੰਜੇ ਲਾਇਆ’’

ਮੈਂ ਪੁੱਛਿਆ, ਸਾਡਾ ਕੀ ਹੋਊ?

ਕਹਿੰਦਾ, ਮਾਰ ਭਜਾਉਣਾ ਟਿੱਡੀਦਲ।

ਚੱਲ ਓਏ ਪੁੱਤਰਾ ਚੱਲਿਆ ਚੱਲ

ਪੈਣ ਕਲੇਜੇ ਭਾਵੇਂ ਸੱਲ੍ਹ।

ਸੁਥਰੇ ਆਲ ਦੁਆਲੇ ਦੇ ਵਿੱਚ

ਪ੍ਰਦੂਸ਼ਤ ਕੋਈ ਕਿੰਜ ਰਹੇ ਦੱਸ?

ਜਿਉਂਦੇ, ਕਾਸੇ ਕੰਮ ਨਾ ਆਵੇ

ਮਰ ਕੇ ਉਲਟੀ ਬਿਪਤਾ ਪਾਵੇ

ਪਸ਼ੂ, ਪੰਛੀ, ਫੁੱਲ, ਬੂਟ, ਬਨਸਪਤ

ਜਿਉਂਦੇ ਮਰਦੇ ਆਵਣ ਵੱਲ।

ਚੱਲ ਓਏ ਪੁੱਤਰਾ ਚੱਲਿਆ ਚੱਲ

ਪੈਣ ਕਲੇਜੇ ਭਾਵੇਂ ਸੱਲ੍ਹ।

ਬੰਦਿਆ ਬੰਦਾ ਬਣਨਾ ਚਾਹੀਦਾ

ਰੱਬ ਨਾਲ ਨਹੀਂ ਮੱਥਾ ਲਾਈਦਾ

ਮਾਂ ਜਾਇਆ ਹੈਂ ਧਰਤੀ ਦਾ ਤੂੰ

ਇੱਕ ਖਿਡੌਣਾ ਮਿੱਟੀ ਦਾ ਤੂੰ

ਕਿਉਂ ਨਹੀਂ ਸਰਵਣ ਪੁੱਤਰ ਬਣਦਾ?

ਮਾਂ ਅੰਮੜੀ ਨਾਲ ਕਰਦੈਂ ਛੱਲ।

ਚੱਲ ਓਏ ਪੁੱਤਰਾ ਚੱਲਿਆ ਚੱਲ

ਪੈਣ ਕਲੇਜੇ ਭਾਵੇਂ ਸੱਲ੍ਹ

ਸਾਦ ਮੁਰਾਦੀ ਮਿੱਠੀ ਬੋਲੀ

ਸਭ ਦੀ ਸਾਂਝੀ ਲੋਹੜੀ ਹੋਲੀ

ਚੰਨ ਚੜ੍ਹੇ ਜਾਂ ਘਰ ਕੋਈ ਆਵੇ

ਪੂਰੇ ਪਿੰਡ ਨੂੰ ਚਾਅ ਚੜ੍ਹ ਜਾਵੇ

ਅੱਜ ਕਿਸੇ ਨੂੰ ਰਾਹ ਪੁੱਛ ਲਈਏ

ਅੱਗੋਂ ਕੇ ਪੈਂਦਾ ਗਲ਼।

ਚੱਲ ਓਏ ਪੁੱਤਰਾ ਚੱਲਿਆ ਚਲ

ਪੈਣ ਕਲੇਜੇ ਭਾਵੇਂ ਸੱਲ੍ਹ।

ਸਰਲ ਸੁਭਾ ਦਾ ਗਹਿਣਾ ਪਾ ਕੇ

ਦਾਲ ਰੋਟੀ ਸਾਦੀ ਜਿਹੀ ਖਾ ਕੇ

ਹਰ ਕੋਈ ਰਾਜਾ ਤੇ ਰਾਣੀ ਸੀ

ਇਸ਼ਕ ਮੁਹੱਬਤਾਂ ਦੀ ਵਾਣੀ ਸੀ

ਟੁੱਟਪੈਣੇ, ਇਸ ਮੋਬਾਇਲ ਨੇ

ਹਰ ਇੱਕ ਨੂੰ ਕੀਤਾ ਪਾਗ਼ਲ।

ਚੱਲ ਓਏ ਪੁੱਤਰਾ ਚੱਲਿਆ ਚੱਲ

ਪੈਣ ਕਲੇਜੇ ਭਾਵੇਂ ਸੱਲ੍ਹ।

ਮਾਂ ਧਰਤੀ ਨੂੰ ਸਵਰਗ ਬਣਾਈਏ

ਸੱਚੇ ਰੱਬ ਦਾ ਸ਼ੁਕਰ ਮਨਾਈਏ

ਸਾਡਾ ਨਾਨਕ, ਬਾਹੂ, ਬੁੱਲ੍ਹਾ

ਸਾਡਾ ਵਾਰਿਸ, ਭੱਟੀ, ਦੁੱਲਾ

ਨਲਵੇ ਪੁੱਤਰਾਂ, ਵੇਖੀਂ ਇਕ ਦਿਨ

ਖ਼ੈਬਰ ‘ਉੱਪਲ’ ਲੈਣੇ ਮੱਲ੍ਹ।

ਚੱਲ ਓਏ ਪੁੱਤਰਾ ਚੱਲਿਆ ਚੱਲ

ਪੈਣ ਕਲੇਜੇ ਭਾਵੇਂ ਸੱਲ੍ਹ।

📝 ਸੋਧ ਲਈ ਭੇਜੋ