ਚੱਲ ਤੂੰ ਨਾ ਵੜਨ ਦੇਵੀਂ ਪੰਜਾਬ 'ਚ
ਪਰ ਤੂੰ ਕਿੰਝ
ਮਿਟਾ ਦੇਵੇਂਗਾ ਸਾਡੀਆਂ ਨੰਨ੍ਹੀਆਂ ਪੈੜਾਂ
ਵਿਹੜੇ ਗਲੀਆਂ ਤੇ ਰਾਹਾਂ 'ਚੋਂ -
ਕੀ ਕਰੇਂਗਾ ਖੋਹ ਕੇ
ਸਾਡੇ ਪਿੰਡ ਦੀ ਛੱਤ ਦਾ ਅੰਬਰ
ਤਾਰਿਆਂ ਨਾਲ ਭਰੀ ਪਰਾਤ
ਅਸੀਂ ਕਿਵੇਂ ਛੱਡਾਂਗੇ ਤੇਰੇ ਲਈ
ਚੋਰ ਸਿਪਾਹੀ-
ਚਿੱਟੀ ਨਦੀ ਸਿਤਾਰਿਆਂ ਸੰਗ ਵਗਦੀ
ਪਹਿਲਾਂ ਖੋਹਵਾਂਗੇ-
ਧਰੂ ਭਗਤ ਸਿਤਾਰਾ-ਤੈਨੂੰ ਨਹੀਂ ਦਿੰਦੇ
ਨਾਨਕ ਦੇ ਤੜਕਸਾਰ ਦੇ ਬੋਲ
ਪੰਛੀਆਂ ਦੇ ਗੀਤ-ਕਿਵੇਂ ਛੱਡ ਦੇਵਾਂਗਾ ਤੇਰੇ ਕੋਲ
ਤੱਤੇ ਗੁੜ ਦੀ ਤਾਂ ਮਹਿਕ ਮੇਰੀ ਹੈ ਸਾਰੀ-
ਇਹ ਕਿੱਥੇ ਮਿਲਦੀ ਮਹਿਲਾਂ 'ਚ-
ਬੰਨਿਆਂ ਤੇ ਤੁਰਨ ਡਿਗਣ ਤੋਂ
ਕਿੰਝ ਰੋਕੇਂਗਾ ਸਾਨੂੰ-
ਰੇਤ ਦੇ ਬਣਾਏ ਘਰ ਅਜੇ ਤੱਕ ਸਾਡੇ ਓਥੇ
ਭੁੱਜਦੀਆਂ ਛੱਲੀਆਂ, ਰਸ ਦੇ ਨਿੰਬੂ ਲੱਸੀ ਨਜ਼ਾਰੇ
ਤੂੰ ਖੋਹ ਕੇ ਵਿਖਾਵੀਂ-
ਤਾਜ਼ੇ ਪੱਟੇ ਮੂੰਗਫਲੀ ਦੇ ਲਾਂਗਰਾਂ ਨੂੰ
ਲੱਗੀਆਂ ਅੱਗਾਂ ਅਜੇ ਭਖ਼ਦੀਆ ਖੇਤਾਂ 'ਚ-
ਸਾਡੇ ਕੋਲ ਤਾਂ ਅਜੇ ਵੀ ਪਤੰਗਾਂ ਦੇ ਰੰਗ ਸਾਂਭੇ
ਪਰਛਾਵੇਂ ਫੜੇ ਪੰਛੀਆਂ ਦੇ
ਸੱਪਾਂ ਦੀਆਂ ਲੀਹਾਂ ਦਾ ਡਰ-
ਨਾ ਖੋਹਵੀਂ ਸਰ੍ਹੋਂ ਦੇ ਖੇਤਾਂ ਦਾ ਨਜ਼ਾਰਾ
ਸਾਗ ਮੱਕੀ ਦੀ ਰੋਟੀ ਵਾਲੀ ਲਜ਼ਤ
ਛੋਲਿਆਂ ਦੀਆਂ ਹੋਲਾਂ, ਤੇ ਕਾਲੇ ਮੂੰਹ ਬੁੱਲ੍ਹ ਹੱਥ
ਅੱਡੀ ਛੜੱਪੇ, ਅੱਡਾ ਖੱਡਾ
ਛੂਹਣ ਛੁਪਾਈ-
ਹੁਣ ਤੱਕ ਤਾਂ ਹਰੀਮੰਦਰ 'ਚ
ਕਿੱਡੀਆਂ 2 ਹੋ ਗਈਆਂ ਹੋਣੀਆਂ ਸਾਡੀਆਂ
ਪਰਸ਼ਾਦ ਖਾਂਦੀਆਂ ਤਰਦੀਆਂ ਸੁਨਹਿਰੀ ਅੱਖਾਂ
ਚੰਊਂ 2 ਕਰਦੇ ਰੰਗ ਬਰੰਗੇ
ਮੇਰੀ ਚਿੱਟੀ ਰਾਣੀ ਦੇ ਨਿੱਕੇ 2 ਅੱਖਾਂ ਖੋਲ੍ਹਦੇ ਕਤੂਰੇ
ਨੁੱਕਰ ਚੋਂ ਕਿੰਝ ਦੇਵਾਂਗਾ ਤੈਨੂੰ-
ਦੱਸ ਕੌਣ ਦੇਵੇਗਾ ਆ ਕੇ ਮੋਢਾ
ਬਾਪੂ ਦੀ ਅਰਥੀ ਨੂੰ
ਕੌਣ ਉਡੀਕੇਗਾ ਮਾਂ ਨੂੰ
ਕਬਰਾਂ ਦੇ ਰੁੱਖਾਂ ਹੇਠ ਬੈਠ ਕੇ ਮੇਰੇ ਬਗੈਰ-
ਕਿਵੇਂ ਰੋਕੇਂਗਾ
ਜੰਗਾਲੇ ਜ਼ੰਦਰੇ ਖੋਲ੍ਹਦਿਆਂ
ਸਾਡੇ ਦਰਿਆਵਾਂ ਵਾਂਗ ਵਗਦੇ ਅੱਥਰੂਆਂ ਨੂੰ
ਕਿੰਝ ਵਰਜ਼ ਦੇਵੇਂਗਾ-ਯਾਰਾਂ ਨੂੰ!
ਕਬੱਡੀ ਤੇ ਹੋਰ ਖੇਡਾਂ 'ਚ
ਜਿੱਤਾਂ ਹਾਰਾਂ ਲੜਾਈਆਂ
ਅਜੇ ਤਾਂ ਅਸੀਂ ਆ ਕੇ
ਕਾਪੀ ਚੋਂ ਪਾੜ ਕੇ ਕਾਗਜ਼ ਦੀ
ਬੇੜੀ ਤਾਰਨੀ ਆ ਮੀਂਹ 'ਚ
ਪੱਤਿਆਂ ਦੀਆਂ ਭੰਬੀਰੀਆਂ ਨਾਲ ਖੇਡਣਾ ਅਜੇ
ਪੱਤਿਆਂ ਦੀਆਂ ਐਨਕਾਂ ਲਾ 2 ਧਰਮਿੰਦਰ ਬਣਨਾ
ਬੀਂਡਿਆਂ ਦੇ ਬੋਲ ਫ਼ੜ੍ਹਨੇ ਨੇ-
ਸਲਵਾੜਾਂ ਤੋਂ ਤੀਰ ਬਣਾ ਜ਼ਾਲਮ ਦੀਆਂ
ਅੱਖਾਂ 'ਚ ਮਾਰਨੇ ਨੇ
ਪੀਪਣੀਆਂ ਤੇ ਬੀਂਡੇ ਬਣਾ 2 ਤਰਜ਼ਾਂ ਬਣਾਉਣੀਆਂ ਨੇ ਨਵੀਆਂ
ਕੱਛਾਂ ਵਜਾ 2 ਅਵਾਜ਼ਾਂ ਕੱਢਣੀਆਂ ਅਜੇ -
ਅਜੇ ਤਾਂ ਸਾਡੇ ਓਥੇ
ਮਿੱਟੀ ਦੇ ਬਣਾਏ ਖਿਡੌਣੇ ਨਹੀਂ ਸੁੱਕੇ ਹੋਣੇ
ਖੇਡਣ ਲਈ
ਅਜੇ ਤਾਂ ਅਸੀਂ ਆ ਕੇ
ਬੇਰ ਖਾਣੇ ਨੇ ਪੇਂਦੂ -ਚੋਰੀਂ ਤੋੜ 2 ਕੇ ਛੱਤੋ ਦੀ ਬੇਰੀ 'ਤੋਂ
ਮਲ੍ਹਿਆਂ ਦੇ ਕੰਡੇ ਲਵਾਉਣੇ ਨੇ ਐਤਕੀਂ
ਦਾਤਣ ਕਰਨੀ ਆ ਫ਼ਲਾਅ ਤੇ ਕਿੱਕਰ ਦੀ
ਅਜੇ ਤਾਂ ਸਾਡੇ ਪਸ਼ੂ ਚਰਦੇ ਨੇ ਖੇਤਾਂ ਚ
ਉਹਨਾਂ ਨੂੰ ਘਰੀਂ ਲੈ ਕੇ ਆਉਣਾ ਹੈ-
ਅਜੇ ਤਾਂ ਅਸੀਂ ਵੱਡੀ ਪਿੰਨੀ ਤੇ
ਵੱਡਾ ਲੱਡੂ ਚੱਕਣਾ ਹੈ ਬੀਜੀ ਦੀ ਥਾਲੀ ਦੇ ਸੰਸਾਰ 'ਚੋਂ-
ਅਜੇ ਤਾਂ ਅਸੀਂ ਓਸ ਮਿੱਟੀ ਤੇ ਲਿਟਣਾ ਹੈ
ਤੇ ਤੁਰ 2 ਡਿੱਗਣਾ ਹੈ-
ਬਾਪੂ ਦੇ ਮੋਢਿਆਂ ਤੇ ਚੜ੍ਹ ਛਿੰਝਾਂ ਦਸਹਿਰੇ ਦੇਖਣੇ ਨੇ
ਸਾਰੇ ਪਿੰਡ 'ਚ ਨਵਾਬ ਬਣ ਘੁੰਮਣਾ ਹੈ-ਅਜੇ
ਤਵੇ ਵਾਲੀ ਮਸ਼ੀਨ ਦੀਆਂ ਸੂਈਆਂ ਕਰਨੀਆਂ ਨੇ ਕੱਠੀਆਂ
ਅਜੇ ਤਾਂ ਸਪੀਕਰ ਟੰਗਣੇ ਨੇ ਮੰਜਿਆਂ ਬਨੇਰਿਆਂ 'ਤੇ
ਤੇ ਸਤਿਗੁਰ ਨਾਨਕ ਨੂੰ ਸੱਦਣਾ ਹੈ-