ਚੱਲੇ ਹੋ ਸਭ ਗੇੜ ਮੁਕਾ

ਚੱਲੇ ਹੋ ਸਭ ਗੇੜ ਮੁਕਾ ਕੇ ਚੱਲੇ ਹੋ ।

ਕਿਸ ਨੂੰ ਸਾਡਾ ਹੱਥ ਫੜਾ ਕੇ ਚੱਲੇ ਹੋ ।

ਸਬਰ ਕਰੀ ਬੈਠੇ ਸਾਂ ਆਪਣੀ ਹੋਣੀ ਤੇ,

ਸਦਮਾ ਹੈ ਆਏ ਹੋ, ਆ ਕੇ ਚੱਲੇ ਹੋ ।

ਮੇਰੇ ਬਾਝੋਂ ਇਸ ਨੂੰ ਕਿਵੇਂ ਵਰਾਵੋਗੇ,

ਗੀਤ ਮੇਰਾ ਜੋ ਕੁਛੜ ਚਾ ਕੇ ਚੱਲੇ ਹੋ ।

ਇਹਨਾਂ ਨੂੰ ਮੈਂ ਦਿਲ ਦੀ ਅੱਗ ਵਿੱਚ ਸਾੜਾਂਗਾ, 

ਇਹ ਜੋ ਮੇਰੇ ਖ਼ਤ ਪਰਤਾ ਕੇ ਚੱਲੇ ਹੋ ।

ਸੱਚ ਕਹੋ ਕਿ ਮਨ ਵਿੱਚ ਕੀ ਕੀ ਆਇਆ ਜੇ,

ਅਰਥੀ ਤੇ ਜਦ ਫੁੱਲ ਬਰਸਾ ਕੇ ਚੱਲੇ ਹੋ ।

ਇਸ ਵਿੱਚ ‘ਕੇਸ਼ੀ' ਹੰਝੂ, ਹੌਕੇ ਹਾਵੇ ਸਨ, 

ਇਹ ਕਿੱਦਾਂ ਦਾ ਗੀਤ ਸੁਣਾ ਕੇ ਚੱਲੇ ਹੋ ।

📝 ਸੋਧ ਲਈ ਭੇਜੋ