ਚੱਲੇਗੀ ਇਹ ਧੱਕਾ-ਸ਼ਾਹੀ

ਚੱਲੇਗੀ ਇਹ ਧੱਕਾ-ਸ਼ਾਹੀ ਕਿੰਨੀ ਦੇਰ ।

ਰਹਿਣਗੇ ਕੱਠੇ ਚੋਰ-ਸਿਪਾਹੀ ਕਿੰਨੀ ਦੇਰ ।

ਫੁੱਟੇਗਾ ਕੱਲ੍ਹ ਰੰਗ ਸਵੇਰਾ ਦੇਖ ਲਵੀਂ,

ਵਧਦੀ ਰਹੇਗੀ ਰਾਤ ਸਿਆਹੀ ਕਿੰਨੀ ਦੇਰ ।

ਇੱਕ ਦਿਨ ਪੈਰੀਂ ਮੰਜ਼ਿਲ ਨੇ ਆ ਲੱਗਣਾ ਏ,

ਉਖੜੇ ਰਹਿਣਗੇ ਰਸਤਿਉਂ ਰਾਹੀ ਕਿੰਨੀ ਦੇਰ ।

ਅੱਖਾਂ ਅੱਗੇ ਮੌਤ ਵੀ ਨੱਚਣ ਲੱਗ ਪਈ ਏ,

ਜੀਵਾਂਗਾ ਮੈਂ ਕੱਲਿਆਂ ਮਾਹੀ ਕਿੰਨੀ ਦੇਰ ।

ਜ਼ਾਲਮਾਂ ਔਖਾ ਸਾਹ ਲੈਣਾ ਕਰ ਦਿੱਤਾ ਸੀ,

ਚੁੱਪ ਰਹਿੰਦੇ ਮਜ਼ਲੂਮ ਇਲਾਹੀ ਕਿੰਨੀ ਦੇਰ ।

ਹੋਵੇਗੀ ਇਨਕਾਰੀ ਪਿਆਰ ਦੇ ਸੂਰਜ ਤੋਂ,

'ਆਹੂ' ਜਗ ਦੀ ਕੋਰ ਨਿਗਾਰੀ ਕਿੰਨੀ ਦੇਰ ।

📝 ਸੋਧ ਲਈ ਭੇਜੋ