ਚੱਲੋ ਬਾਗ਼ਾਂ ਦੇ ਵਿੱਚ ਚੱਲੀਏ, ਆਈ ਰੁੱਤ ਬਹਾਰਾਂ ।
ਫੁੱਲ ਤੇ ਕਲੀਆਂ ਪਾਲਣ ਦੇ ਲਈ, ਡੋਲ੍ਹੇ ਰੱਤ ਫੁਹਾਰਾਂ ।
ਹੁਣ ਤੇ ਅਪਣਾ ਭਾਰ ਵੀ ਸਾਨੂੰ, ਚੁੱਕਣਾ ਔਖਾ ਹੋਇਆ,
ਕੱਪੜੇ ਲੀਰੋ-ਲੀਰ ਕਰੋ, ਤੇ ਗਲ਼ਮਾ ਚੀਰ ਲੰਗਾਰਾਂ ।
ਰੀਝਾਂ, ਸੱਧਰਾਂ ਨੇ ਸੁਪਨੇ ਵਿੱਚ, ਬਾਤ ਅਨੋਖੀ ਕੀਤੀ,
ਬਾਜ਼ ਤੇ ਸ਼ਿਕਰੇ ਰੁਲਦੇ ਫਿਰਦੇ, ਹੋਇਆ 'ਕੱਠ ਗੁਟਾਰਾਂ ।
ਜਿੰਦ ਵਿਚਾਰੀ ਰੋ ਰੋ ਹਾਰੀ, ਇਸ ਦੇ ਅੱਥਰੂ ਪੂੰਝੋ,
ਰੱਤ ਜਿਗਰ ਦੀ ਦੇ ਕੇ ਬਖ਼ਸ਼ੋ, ਜ਼ੀਨਤ, ਜ਼ੇਬ ਸ਼ਿੰਗਾਰਾਂ ।
'ਆਸ਼ਿਕ' ਕਿਧਰੇ ਸਾਡੇ 'ਤੇ ਕੋਈ, ਕਹਿਰ ਨਾ ਆਉਂਦਾ ਹੋਵੇ,
ਪੰਛੀ ਹਿਜਰਤ ਕਰ ਗਏ ਏਥੋਂ, ਭਲਕੇ ਬੰਨ੍ਹ ਕਤਾਰਾਂ ।