ਚਲੋ ਇੱਕ ਵਾਰ

ਚਲੋ ਇੱਕ ਵਾਰ ਫਿਰ ਤੋਂ ਪਿਆਰ ਕਰ ਕੇ ਵੇਖ ਲੈਂਦੇ ਹਾਂ। 

ਅਗਰ ਮੰਝਧਾਰ ਹੈ ਤਾਂ ਪਾਰ ਕਰ ਕੇ ਵੇਖ ਲੈਂਦੇ ਹਾਂ।

ਮੁਹੱਬਤ ਜ਼ਿੰਦਗੀ ਹੈ ਤਾਂ ਘੜੀ ਪਲ ਜ਼ਿੰਦਗੀ ਖ਼ਾਤਿਰ, 

ਤਮਾਸ਼ਾ ਇਹ ਵੀ ਆਖਿਰਕਾਰ ਕਰ ਕੇ ਵੇਖ ਲੈਂਦੇ ਹਾਂ।

ਦਿਲਾਂ ਦੇ ਸ਼ੀਸ਼ਿਆਂ ਦੇ ਵਾਸਤੇ ਪੱਥਰ ਨਹੀਂ ਮਿਲਦਾ, 

ਮਸੀਹਾ ਹੈ ਤਾਂ ਫਿਰ ਦੀਦਾਰ ਕਰਕੇ ਵੇਖ ਲੈਂਦੇ ਹਾਂ।

ਜ਼ਮਾਨਾ ਸਾਜ਼ ਹੈ ਤਾਂ ਸਾਮਣੇ ਆਏ ਜ਼ਮਾਨੇ ਦੇ, 

ਜ਼ਰਾ ਉਸ ਨਾਲ ਵੀ ਦੋ ਚਾਰ ਕਰਕੇ ਵੇਖ ਲੈਂਦੇ ਹਾਂ।

ਬਖੂਬੀ ਜਾਣਦੇ ਹਾਂ ਉਸ ਦੀ ਝੂਠੀ ਕਹਾਣੀ ਵੀ, 

ਮਗਰ ਫਿਰ ਉਸ ਤੇ ਇਤਬਾਰ ਕਰ ਕੇ ਵੇਖ ਲੈਂਦੇ ਹਾਂ।

ਅਗਰ ਇਹ ਨਾਗ ਹੈ ਤਾਂ ਨਾਗ ਵੀ ਤਾਂ ਦੇਵਤਾ ਹੀ ਹੈ, 

ਮੁਸੀਬਤ ਨੂੰ ਗਲੇ ਦਾ ਹਾਰ ਕਰ ਕੇ ਵੇਖ ਲੈਂਦੇ ਹਾਂ।

ਭਲਾ ਪਾਣੀ ਤੇ ਸੋਟਾ ਮਾਰਿਆਂ ਪਾਣੀ ਜੁਦਾ ਹੁੰਦੈ! 

ਅਗਰ ਇਹ ਸੱਚ ਹੈ ਤਾਂ ਵਾਰ ਕਰ ਕੇ ਵੇਖ ਲੈਂਦੇ ਹਾਂ।

ਕਹੋ ਤਾਂ ਸਾਬਕਾ ਮਾਸ਼ੂਕ ਨੂੰ ਇਕ ਇਲਤਿਜ਼ਾ ਕਰੀਏ, 

ਕਹੋ ਤਾਂ ਪਿਆਰ ਦਾ ਇਜ਼ਹਾਰ ਕਰਕੇ ਵੇਖ ਲੈਦੇ ਹਾਂ।

📝 ਸੋਧ ਲਈ ਭੇਜੋ