ਚਲੋ ਜ਼ਰਾ ਅਸਮਾਨ ਦੇ ਉਤੇ ਟਹਿਲ ਕੇ ਆਈਏ,
ਧਰਤੀ ਤੇ ਤਾਂ ਸਾਹ ਲੈਣਾ ਵੀ ਮੁਸ਼ਕਿਲ ਹੈ ।
ਹਰ ਪਾਸੇ ਨਫ਼ਰਤ ਹਉਮੈਂ ਹੰਕਾਰ ਖੜ੍ਹੇ,
ਇਹਨਾਂ ਦੇ ਸੰਗ ਮਿਲ ਬਹਿਣਾ ਵੀ ਮੁਸ਼ਕਿਲ ਹੈ ।
ਜੁਗਾਂ ਜੁਗਾਂ ਤੋਂ ਸੱਚ ਸੂਲੀ ਤੇ ਚੜ੍ਹ ਰਿਹਾ ਏ,
ਜ਼ੋਰ ਜਬਰ ਹਰ ਪਲ ਸਹਿਣਾ ਵੀ ਮੁਸ਼ਕਿਲ ਹੈ ।
ਅਦਲ ਵੀ ਤੇਰਾ ਰਾਜ ਭਾਗ ਵੀ ਤੇਰਾ ਹੈ,
ਮੇਰਾ ਇਥੇ ਕੁਝ ਕਹਿਣਾ ਵੀ ਮੁਸ਼ਕਿਲ ਹੈ ।
ਅਪਣੀ ਆਦਤ ਤੋੰ ਮਜਬੂਰ ਤਾਂ ਮੈਂ ਵੀ ਹਾਂ,
ਜ਼ਾਲਮ ਸਾਹਵੇਂ ਚੁੱਪ ਰਹਿਣਾ ਵੀ ਮੁਸ਼ਕਿਲ ਹੈ ।
ਜੇ ਤੂੰ ਤਾਕਤਵਰ ਹੈਂ , ਮੈਂ ਕਮਜ਼ੋਰ ਨਹੀੰ,
ਹੁਣ ਚੱਟਾਨ ਦਾ ਟਿਕਿਆ ਰਹਿਣਾ ਮੁਸ਼ਕਿਲ ਹੈ ।
ਉੱਠ ਸੁਰਜੀਤ’ ਮੁਕਾਬਲਾ ਕਰੀਏ ਜ਼ਾਲਮ ਦਾ,
ਅੱਥਰੂ ਬਣਕੇ ਨਿਤ ਵਹਿਣਾ ਵੀ ਮੁਸ਼ਕਿਲ ਹੈ ।