ਚਮ ਚਮ ਕਰਦੀ ਰੇਤ

ਇਕ ਟੱਕ ਤੇ ਅਨਿਮੇਖ

ਲਗਾ ਕੇ ਟੇਕ, ਰਿਹਾ ਮੈਂ ਦੇਖ

ਕੋਈ ਕਦ ਆਵੇ ਪਾਰੋਂ ਦੇਸ਼

ਵੇ ਸੱਜਣਾਂ ਚਮ ਚਮ ਕਰਦੀ ਰੇਤ

ਸੀ ਅੱਜ ਤਾਂ ਤਾਰਾ-ਗਣ ਆਚੇਤ ਤੇ

ਚਿੱਟਾ ਚੰਦ ਵੀ ਆਇਆ ਮੇਚ

ਵੇ ਜਾਂਦੀ ਉਡਦੀ ਵਿਰਥੀ ਪੌਣ

ਫਰਾਟੇ ਭਰਦੀ ਲਾਉਂਦੀ ਹੇਕ

ਵੇ ਫਰ ਫਰ ਉੱਡਣ ਚੇਤਰ ਘੜੀਆਂ

ਨਾ ਜਾਵਣ ਫੜੀਆਂ ਤੇ ਕਰ-ਕਰ ਅੜੀਆਂ

ਨੀਲ ਸਰਾਂ ਨੂੰ ਮਹਿਕਾਂ ਚੜ੍ਹੀਆਂ

ਵੇ ਲੱਗੀਆਂ ਸੋਹਣੇ ਸਾਂਦਲ ਬਾਰ

ਸੱਜਣ ਗੁਲਝੜੀਆਂ

ਕਦੋਂ ਸੀ ਸੁੱਤੀਆਂ ?

ਕਦੋਂ ਉਠ ਖੜ੍ਹੀਆਂ ?

ਸੁਪੱਤਲ ਵੇਲਾਂ ਸੋਹਣੀਆਂ ਬੜੀਆਂ

ਤੇ ਫਿਰ ਤੂੰ ਆਇਓਂ ਮੇਰੇ ਪੀਰ

ਕਿ ਬਦਲੀ ਚਾਨਣ ਦੀ ਤਾਸੀਰ

ਤੇ ਕੰਨੀ ਘੁਲ ਗਏ ਖੰਡ ਤੇ ਖੀਰ

ਜਿਓਂ ਵਗਦੈ ਵਿੱਚ ਨਸਾਰੀਂ ਨੀਰ

ਵੇ ਗਾਉਂਦਾ ਬੌਰੇਪਣ ਵਿੱਚ ਹੀਰ

ਕਿ ਹੁਣ ਤਾਂ ਮਿਟ ਗਏ ਸਭ ਕਲੇਸ਼

ਕਿ ਨਾਚੇ ਮਾਥੇ ਮੇਂ ਉਰਗੇਸ਼

ਵੇ ਅੱਜ ਤਾਂ ਮੌਲਸਰੇ ਦਾ ਤੇਲ

ਕਰਾਂ ਮੈਂ ਪੇਸ਼ ਤੇ ਚੁੰਮ'ਲਾਂ ਕਾਲੇ ਕਾਲੇ ਕੇਸ਼

ਵੇ ਸਜਣਾ ਠੰਢੀ ਠੰਢੀ ਪੌਣ

ਫਰਾਟੇ ਭਰਦੀ ਲਾਉਂਦੀ ਹੇਕ

ਤੇ ਨਾਲੇ ਚਮ-ਚਮ ਕਰਦੀ ਰੇਤ

📝 ਸੋਧ ਲਈ ਭੇਜੋ