ਚੰਬੇ ਦੀ ਖ਼ੁਸ਼ਬੋ

ਸੱਜਣ ਜੀ

ਮੈਂ ਚੰਬੇ ਦੀ ਖ਼ੁਸ਼ਬੋ

ਇਕ ਦੋ ਚੁੰਮਣ ਹੋਰ ਹੰਢਾ

ਅਸਾਂ ਉੱਡ ਪੁੱਡ ਜਾਣਾ ਹੋ

ਸੱਜਣ ਜੀ

ਮੈਂ ਚੰਬੇ ਦੀ ਖ਼ੁਸ਼ਬੋ

ਧੀ ਬਗ਼ਾਨੀ ਮੈਂ ਪਰਦੇਸਣ

ਟੁਰ ਤੈਂਡੇ ਦਰ ਆਈ

ਸੈਆਂ ਕੋਹ ਮੇਰੇ ਪੈਰੀਂ ਪੈਂਡਾ

ਭੁੱਖੀ ਤੇ ਤਿਰਹਾਈ

ਟੁਰਦੇ ਟੁਰਦੇ ਸੱਜਣ ਜੀ

ਸਾਨੂੰ ਗਿਆ ਕੁਵੇਲਾ ਹੋ

ਸੱਜਣ ਜੀ

ਮੈਂ ਚੰਬੇ ਦੀ ਖ਼ੁਸ਼ਬੋ

ਸੱਜਣ ਜੀ

ਅਸਾਂ ਮੰਨਿਆਂ ਕਿ

ਹਰ ਸਾਹ ਹੁੰਦਾ ਹੈ ਕੋਸਾ

ਪਰ ਹਰ ਸਾਹ ਨਾ ਚੁੰਮਣ ਬਣਦਾ

ਨਾ ਹਰ ਚੁੰਮਣ ਹਉਕਾ

ਨਾ ਹਰ ਤੂਤ ਦਾ ਪੱਤਰ ਬਣਦਾ

ਰੇਸ਼ਮ ਦੀ ਤੰਦ ਹੋ

ਸੱਜਣ ਜੀ

ਮੈਂ ਚੰਬੇ ਦੀ ਖ਼ੁਸ਼ਬੋ

ਸੱਜਣ ਜੀ

ਅਸੀਂ ਚੁੰਮਣ ਦੇ ਗਲ

ਕਿਤ ਬਿਧ ਬਾਹੀਂ ਪਾਈਏ

ਜੇ ਪਾਈਏ ਤਾਂ ਫਜ਼ਰੋਂ ਪਹਿਲਾਂ

ਦੋਵੇਂ ਹੀ ਮਰ ਜਾਈਏ

ਸਮਝ ਨਾ ਆਵੇ

ਚੁੰਮਣ ਮਹਿੰਗਾ

ਜਾਂ ਜਿੰਦ ਮਹਿੰਗੀ ਹੋ

ਸੱਜਣ ਜੀ

ਮੈਂ ਚੰਬੇ ਦੀ ਖ਼ੁਸ਼ਬੋ

ਇਕ ਦੋ ਚੁੰਮਣ ਹੋਰ ਹੰਢਾ

ਅਸੀਂ

ਉੱਡ ਪੁੱਡ ਜਾਣਾ ਹੋ

📝 ਸੋਧ ਲਈ ਭੇਜੋ