ਚਾਲ੍ਹੀ ਸਿੰਘ 'ਚਮਕੌਰ' ਦੀ ਗੜ੍ਹੀ ਅੰਦਰ,
ਜਦੋਂ ਨਾਲ ਜਰਵਾਣਿਆਂ ਘਿਰੇ ਹੋਏ ਸੀ।
ਤੇਗਾਂ ਵਿਚ ਮੈਦਾਨ ਦੇ ਵੱਜੀਆਂ ਸੀ,
ਬਰਛੇ ਛਾਤੀਆਂ ਦੇ ਵਿਚੋਂ ਫਿਰੇ ਹੋਏ ਸੀ।
ਸੁੱਕੇ ਕਿੱਕਰਾਂ ਵਾਗਰਾਂ ਰਣ ਅੰਦਰ,
ਅੰਗ ਅੰਗ ਜਵਾਨਾਂ ਦੇ ਚਿਰੇ ਹੋਏ ਸੀ।
ਧੜ ਹੰਨਿਆਂ ਤੋਂ ਹੇਠਾਂ ਲਮਕਦੇ ਸੀ,
ਸ਼ਸ਼ਤਰ ਵਾਂਗ ਕ੍ਰਿਆਨਿਆਂ ਕਿਰੇ ਹੋਏ ਸੀ।
ਬਿਜਲੀ ਚਮਕਦੀ ਵੇਖ 'ਅਜੀਤ ਸਿੰਘ' ਦੀ,
ਬਦਲ ਰੁਖ਼ ਬਰਸਾਤ ਦਾ ਕਰ ਰਹੇ ਸੀ।
ਹੈਸੀ ਧਾਂਕ ਜਵਾਨਾਂ ਦੀ ਚਵੀਂ ਪਾਸੀਂ,
ਅਣਖ਼, ਆਨ ਤੇ ਸੂਰਮੇ ਮਰ ਰਹੇ ਸੀ।
ਕਿਹਾ ਸੱਦਕੇ ਲਾਲ 'ਜੁਝਾਰ' ਤਾਈਂ,
ਦਸਮ ਪਿਤਾ ਨੇ ਬੜੇ ਪਿਆਰ ਦੇ ਨਾਲ।
ਓਧਰ ਵੇਖ 'ਅਜੀਤ' ਦੀ ਤੇਗ਼ ਚੱਲਦੀ,
ਕਲਾ ਵਾਰ ਕਰਦਾ, ਸੌ ਸੌ ਵਾਰ ਦੇ ਨਾਲ।
ਜਿਹੜਾ ਮਾਰ ਜਵਾਨ ਦੀ ਹੇਠ ਆਉਂਦਾ,
ਧਰਤੀ ਧਮਕਦੀ ਉਸਦੇ ਭਾਰ ਦੇ ਨਾਲ।
ਕਰਨੀ ਵੇਖ 'ਅਭਿਮੰਨੂ' ਦੀ ਆਤਮਾ ਵੀ,
ਹੈ ਸਤਿਕਾਰਦੀ ਬੜੇ ਸਤਿਕਾਰ ਦੇ ਨਾਲ।
ਧਰਤੀ ਸੂਰਮੇ ਤੋਂ ਬਿਨਾਂ ਸੱਖਣੀ ਏਂ,
ਜਿਵੇਂ ਪਤੀ ਤੋਂ ਸੱਖਣੀ ਨਾਰ ਹੋਵੇ।
ਉਹਨੂੰ ਕੀ ਸੰਸਾਰ ਨੇ ਫਤਹਿ ਕਰਨਾ,
ਜਿਸਦੀ ਮੁੱਠ ਦੇ ਵਿਚ ਤਲਵਾਰ ਹੋਵੇ।
ਝਾਕੀ ਵੇਖ 'ਜੁਝਾਰ' ਨੇ ਕਿਹਾ ਅੱਗੋਂ,
ਪਿਤਾ ਕਾਰ 'ਅਜੀਤ' ਦੀ ਕਰਾਂਗਾ ਮੈਂ।
ਤੇਰਾ ਖ਼ੂਨ ਹਾਂ, ਜੰਗ ਦੀ ਜਾਚ ਸਾਰੀ,
ਬਾਜ਼ਾਂ ਵਾਂਗ ਉਡਾਰੀਆਂ ਭਰਾਂਗਾ ਮੈਂ।
ਡੌਬੂ ਪੈਣਗੇ ਵੇਖ ਕੇ ਵੈਰੀਆਂ ਨੂੰ,
ਐਸੀ ਨਦੀ ਤਲਵਾਰ ਦੀ ਤਰਾਂਗਾ ਮੈਂ।
ਜਿਵੇਂ ਮੌਤ ਨੇ ਵਰ ਲਿਆ ਵੀਰ ਮੇਰਾ,
ਏਸੇ ਤਰ੍ਹਾਂ ਹੀ ਮੌਤ ਨੂੰ ਵਰਾਂਗਾ ਮੈਂ।
ਲੋਕੀਂ ਲੈਣਗੇ ਨਾਮ 'ਜੁਝਾਰ ਸਿੰਘ' ਦਾ,
ਹੱਥ ਪਾਉਣਗੇ ਜਦੋਂ ਤਲਵਾਰ ਉੱਤੇ।
ਸੈਆਂ ਸੋਹਣੀਆਂ ਸੂਰਤਾਂ ਤਰਨਗੀਆਂ,
ਵਗਦੀ ਹੋਈ ਤਲਵਾਰ ਦੀ ਧਾਰ ਉੱਤੇ।
ਦੂਜੀ ਪਲਕ ਸੀ, ਵੀਰ ਮੈਦਾਨ ਅੰਦਰ,
ਆਹੂ ਦੁਸ਼ਮਨਾਂ ਦੇ ਲੱਥਦੇ ਜਾ ਰਹੇ ਸੀ।
ਢੇਲੇ ਜਾਣ ਮਜ਼ਾਰਾਂ ਤੇ ਖੇਡਦੇ ਸੀ,
ਜਾਂ ਕੁਆਲ ਕੁਆਲੀਆਂ ਗਾ ਰਹੇ ਸੀ।
ਲੱਤ ਕਿਸੇ ਦੀ ਕਿਸੇ ਦੀ ਬਾਂਹ ਲੱਥੀ,
ਸਿਰੋਂ ਬਿਨਾਂ ਬਹੁਤੇ ਨਜ਼ਰੀਂ ਆ ਰਹੇ ਸੀ।
ਸੱਟਾਂ ਵਾਂਗ 'ਅਜੀਤ' ਦੇ ਮਾਰਦਾ ਸੀ,
ਜ਼ਖ਼ਮੀ ਸੰਢਿਆਂ ਵਾਂਗ ਅਰੜਾ ਰਹੇ ਸੀ।
ਇਹੋ ਜਿਹੀ ਸ਼ਹਿਜ਼ਾਦੇ ਨੇ ਤੇਗ਼ ਮਾਰੀ,
ਜਗ੍ਹਾ ਜਗ੍ਹਾ ਉਤੇ ਧਰਤੀ ਲਾਲ ਹੋ ਗਈ।
ਸੂਰਬੀਰ 'ਜੁਝਾਰ' ਦੀ ਚਾਲ ਅੱਗੇ,
ਬਿਲਕੁਲ ਗ਼ਲਤ ਹੰਕਾਰ ਦੀ ਚਾਲ ਹੋ ਗਈ।
ਹੁਕਮ ਪੰਥ ਦਾ ਮੰਨ ਕੇ ਖਿੜੇ ਮੱਥੇ,
ਪਾਲਣ ਵਾਸਤੇ ਗੁਰੂ ਦਾਤਾਰ ਤੁਰਿਆ।
ਲਹੂ ਵੀਟਿਆ ਜਿਗਰ ਦੇ ਟੋਟਿਆਂ ਨੇ,
ਅੱਖੀਂ ਵੇਖ ਕੇ ਸ਼ੁਕਰ-ਗੁਜ਼ਾਰ ਤੁਰਿਆ।
ਪੀਰ ਹਿੰਦ ਦਾ ਨਿਕਲਕੇ ਜਾ ਰਿਹਾ ਏ,
ਤਾਲੀ ਮਾਰ ਲਲਕਾਰ ਲਲਕਾਰ ਤੁਰਿਆ।
ਅੱਗੇ ਪਿਤਾ ਕੁਰਬਾਨੀ ਲਈ ਤੋਰਿਆ ਸੀ,
ਅੱਜ ਹੁਣ ਪੁੱਤਰਾਂ ਦੀ ਜੋੜੀ ਵਾਰ ਤੁਰਿਆ।
ਪੈਰ ਤਿਲਕਿਆ ਕਿਸੇ ਚਿਕਨਾਹਟ ਉੱਤੋਂ,
ਰਾਹੀ ਤ੍ਰਬੱਕਿਆ ਨੀਵਾਂ ਧਿਆਨ ਹੋਇਆ।
ਅੱਗੇ ਲਾਸ਼ ਸੀ ਪਈ 'ਅਜੀਤ' ਸਿੰਘ ਦੀ,
ਮਰਨਾ ਧਰਮ ਤੋਂ ਜੀਹਨੂੰ ਪ੍ਰਵਾਨ ਹੋਇਆ।
ਨਿਉਂ ਕੇ ਕਿਹਾ ਦਸ਼ਮੇਸ਼ ਨੇ ਸੂਰਮੇ ਨੂੰ,
ਬੱਚਾ ਧੰਨ ਹੈ ਘਾਲ ਪ੍ਰਵਾਨ ਤੇਰੀ।
ਮੈਂ ਵੀ ਹੁਕਮ ਦਾ ਬੰਨ੍ਹਿਆ ਜਾ ਰਿਹਾ ਹਾਂ,
ਨਹੀਂ ਤਾਂ ਲੰਘ ਨਾ ਸਕਦਾ ਆਨ ਤੇਰੀ।
ਤੇਰੇ ਜਿਹਾਂ ਤੇ ਮਾਣ ਹੈ ਬੀਰਤਾ ਨੂੰ,
ਬਿਜਲੀ ਚਮਕਦੀ ਰਹੀ ਕਿਰਪਾਨ ਤੇਰੀ।
ਹੋਇਆ ਅਮਰ ਸ਼ਹੀਦਾਂ 'ਚ ਨਾਮ ਤੇਰਾ,
ਲੱਗੀ ਦੇਸ਼ ਦੇ ਵਾਸਤੇ ਜਾਨ ਤੇਰੀ।
ਏਦਾਂ ਆਖ ਸਤਿਕਾਰ ਦੇ ਚਾਰ ਅੱਖਰ,
ਚਾਰ ਚੰਦ ਦਸ਼ਮੇਸ਼ ਨੇ ਲਾ ਦਿੱਤੇ।
"ਚਾਤਰ"ਜਾਮ ਪਿਲਾ ਕੇ ਬੀਰਤਾ ਦੇ,
ਬੰਦੇ ਹਾਥੀਆਂ ਨਾਲ ਟਕਰਾ ਦਿੱਤੇ।