ਚਾਨਣੀਆਂ ਰਾਤਾਂ ਵਿਚ ਆਉਂਦਾ ਇਹ ਖ਼ਿਆਲ ਏ ।
ਰੱਬ ਸਾਡਾ ਸਾਡੇ ਉਤੇ ਕਿੰਨਾ ਈ ਦਿਆਲ ਏ ।
ਚਾਨਣੇ ਤੇ ਠੰਢ ਨੂੰ ਨਾ ਕੋਈ ਮੇਲ ਸਕਦਾ ।
ਇੱਕ ਮਿੱਕ ਕਰ ਕੇ ਉਹ ਇੰਜ ਡੋਲ੍ਹ ਦੇਂਦਾ ਏ ।
ਠੰਢੇ ਠੰਢੇ ਨੂਰ ਵਾਲਾ ਸੋਮਾ ਖੋਲ੍ਹ ਦੇਂਦਾ ਏ ।
ਵੱਡਾ ਵੀ ਨਿਹਾਲ ਏ ਤੇ ਛੋਟਾ ਵੀ ਨਿਹਾਲ ਏ ।
ਕੱਚੇ ਕੱਚੇ ਕੋਠਿਆਂ ਤੇ ਉਂਜੇ ਨੂਰ ਵਸਦਾ ।
ਉੱਚਿਆਂ ਚੁਬਾਰਿਆਂ ਤੇ ਜਿਸ ਤਰ੍ਹਾਂ ਰਸਦਾ ।
ਭੁੱਖਿਆਂ ਦੇ ਵਿਹੜਿਆਂ ਤੋਂ ਜ਼ਰਾ ਨਹੀਂ ਸੰਗਦਾ ।
ਮਾੜਿਆਂ ਦੇ ਘਰਾਂ ਨੂੰ ਵਲਾ ਕੇ ਨਹੀਂ ਲੰਘਦਾ ।
ਆਪਣੀਆਂ ਰਿਸ਼ਮਾਂ ਦਾ ਮੁੱਲ ਨਹੀਂ ਮੰਗਦਾ ।
ਜਿਥੇ ਜਿਹੜਾ ਜਾਏ ਓਥੇ ਚੰਨ ਉਹਦੇ ਨਾਲ ਏ ।
ਹਾਠਾਂ ਕਦੇ ਧਰਤੀ ਨੂੰ ਸੁੰਘ ਕੇ ਨਾ ਵੱਸੀਆਂ ।
ਲਿਸਿਆਂ ਦੀ ਪੈਲੀ ਕੋਲੋਂ ਪਰੇ ਨਹੀਂ ਨੱਸੀਆਂ ।
ਡਾਢਿਆਂ ਨਾ ਖਿੱਚ ਲਈਆਂ ਪਾ ਪਾ ਕੇ ਰੱਸੀਆਂ ।
ਇਕੋ ਜਹੀਆਂ ਸਭ ਦੀਆਂ ਉਨ੍ਹਾਂ ਨੇ ਪਿਆਲੀਆਂ ।
ਸੌਣ ਵਿਚ ਭਰ ਦਿੱਤੇ ਟੋਏ ਟਿੱਬੇ ਖਾਲੀਆਂ ।
ਫ਼ਸਲਾਂ ਉਗਾਈਆਂ ਮੁੜ ਪਾਲਾਂ ਦੀਆਂ ਪਾਲੀਆਂ ।
ਵੱਟੇ ਵਿਚ ਮੰਗਿਆ ਨਾ ਕਿਸੇ ਤੋਂ ਰਵਾਲ ਏ ।
ਕਿਰਨਾਂ ਨੇ ਕੀਤੀਆਂ ਨਾ ਵੰਡਾਂ ਕਿਤੇ ਕਾਣੀਆਂ ।
ਫੁੱਲਾਂ ਉੱਤੇ ਵੱਖਰੀਆਂ ਨਹੀਂ ਮੇਹਰਬਾਨੀਆਂ ।
ਮਿੱਟੀ ਨੂੰ ਵੀ ਚੁੰਮਦੀਆਂ ਨੂਰ ਦੀਆਂ ਰਾਣੀਆਂ ।
ਜਿਸ ਤਰ੍ਹਾਂ ਚੌਧਰੀ ਦੇ ਪਿੰਡੇ ਨੂੰ ਸੁਖਾਂਦੀਆਂ ।
ਉਸੇ ਤਰ੍ਹਾਂ ਵਾਹਕ ਨੂੰ ਵੀ ਨਿੱਘ ਨੇ ਪੁਚਾਂਦੀਆਂ ।
ਤੋਲਵਾਂ ਸਲੂਕ ਵਾਹਵਾ ਸਭਸੇ ਦੇ ਨਾਲ ਏ ।
ਰੱਬ ਨੇ ਵੀ ਜ਼ਿਮੀਂ ਤੇ ਇਹ ਸਾਂਝੀ ਈ ਬਣਾਈ ਸੀ ।
ਕਿਸੇ ਇਕ ਟੱਬਰੀ ਦੇ ਨਾਂ ਨਹੀਂ ਲਾਈ ਸੀ ।
ਬੰਦਿਆਂ ਨੇ ਕਰ ਲਈ ਜਿਵੇਂ ਜੀ ਆਈ ਸੀ ।
ਇਸ ਦਾ ਜ਼ਵਾਲ ਇੰਜ ਦੁਨੀਆ ਤੇ ਪਾਇਆ ਏ ।
ਜ਼ਿੰਦਗੀ ਦੇ ਰੌਲੇ ਵਿਚ ਫ਼ਰਕ ਨਾ ਆਇਆ ਏ ।
ਉਹੋ ਬੋੜੀ ਖੋੜੀ ਅਤੇ ਰਾਮ ਦਿਆਲ ਏ ।
ਇਹ ਮੇਰੀ ਵੰਡ ਏ ਤੇ ਔਹ ਤੇਰੀ ਵੰਡ ਏ ।
ਮੇਰੀ ਤੇਰੀ ਵੰਡ ਈ ਤੋਂ ਪਿਆ ਹੋਇਆ ਭੰਡ ਏ ।
ਅਪਣਾ ਈ ਮੂੰਹ ਏ ਤੇ ਆਪਣੀ ਈ ਚੰਡ ਏ ।
ਚੰਡਾਂ ਮਾਰ ਮਾਰ ਮੂੰਹ ਕੀਤਾ ਪਿਆ ਲਾਲ ਏ ।
ਉਹਦੇ ਸਾਂਝੇ ਦਿੱਤਿਆਂ ਨੂੰ ਸਾਂਝਿਆਂ ਨਾ ਜਾਣਦੇ ।
ਨੇਅਮਤਾਂ ਬੇਮੁੱਲੀਆਂ ਦਾ ਮੁੱਲ ਪਏ ਪਾਂਵਦੇ ।
ਰੱਜ ਖਾਣ ਦੇਣ ਦੇ ਨਾ ਆਪ ਰੱਜ ਖਾਂਵਦੇ ।
ਭਾਵੇਂ ਥੱਲੇ ਆਉਣ, ਕੰਧ ਦੂਜਿਆਂ ਦੀ ਢਾਂਵਦੇ ।
ਕਿੰਨੀ ਸੋਹਣੀ ਦੁਨੀਆਂ ਤੇ ਕਿੱਡਾ ਭੈੜਾ ਹਾਲ ਏ ।
ਚਾਨਣੀਆਂ ਰਾਤਾਂ ਵਿਚ ਆਉਂਦਾ ਖ਼ਿਆਲ ਏ ।