ਚੰਦ ਤੇ ਵਾਉਂਦਾ ਹੁੰਦਾ ਸੀ ਹਲ
ਸਾਰੀ ਧਰਤ ਨੂੰ ਅੰਨ ਵੰਡਦਾ
ਤਾਰਿਆਂ ਦੀ ਖੇਤੀ ਕਰਦਾ
ਅੰਬਰ ਰੌਸ਼ਨ ਕਰਦਾ
ਸਵੇਰ ਸਾਰ ਰੋਜ਼ ਸੂਰਜ ਬਣਦਾ
ਕਿਸੇ ਨਾ ਕਿਸੇ ਕਾਲੇ ਪੂਰਬ ਦਾ
ਬੋਲ ਸੁਰਾਂ ਰਾਗ ਫ਼ੜ੍ਹ
ਤਕਦੀਰਾਂ ਗੰਢ ਦੇਵੇ
ਜਾਤ ਨਾ ਪਾਤ
ਨਾ ਉਹ ਬਾਪੂ ਦੀ ਮੰਨਦਾ
ਚਾਨਣ ਦਾ ਵਣਜ ਕਰਦਾ
ਸੁਰਾਂ ਸੰਗ ਸਮਾਂ ਬੰਨਦਾ
ਨਾ ਤੀਰ ਸੀ ਨਾ ਤਲਵਾਰ
ਸ਼ਬਦ ਹੀ ਸਨ
ਇੱਕ ਪੈਰ ਚੱਕਦਾ
ਦੂਸਰਾ ਕਿਸੇ ਹੋਰ ਅਰਸ਼ ਤੇ ਧਰਦਾ
ਲੋਅ ਏਨੀ ਕਿ ਸ਼ਬਦ ਜਗਦੇ
ਮਿੱਠਤ ਏਨੀ ਕਿ
ਪਰਬਤ ਨੀਵੇਂ ਹੋ ਜਾਣ ਪੈੜਾਂ ਚ
ਸਾਗਰਾਂ ਚ ਦਲੀਲ ਖੋਰ ਦਿੰਦਾ
ਕੁਫ਼ਰ ਢਹਿ ਪੈਂਦਾ ਪੈਰੀਂ
ਤੂੰ ਹੀ ਸਾਂਭ ਰੱਖ ਕਹੇ
ਪੰਜ 2 ਦਸ ਹਜ਼ਾਰ ਦੇ ਨੋਟ
ਬਹੁਤ ਨੇ ਮੇਰੇ ਖੀਸੇ ਚ ਵੀਹ ਰੁਪਏ
ਮੇਰੀ ਦੁਨੀਆਂ ਦੀ
ਸੰਗਤ ਤੇ ਪੰਗਤ ਲਈ
ਨੀਅਤ ਚ ਜਦ ਮੱਦਦ ਜਾਗੇ
ਭੁੱਖ ਦੁੱਖ ਦਰ ਤੇ ਖੜ੍ਹੇ ਹੋਣ ਤਰਸਦੇ
ਭੰਡਾਰ ਕਦੇ ਨਹੀ ਮੁੱਕਦੇ
ਤਰਾਜ਼ੂ ਜੇ ਚਾਨਣ ਤੋਲਣ
ਹੋਂਟ ਜੇ ਸੱਚ ਬੋਲਣ-
ਮਿਹਨਤ ਦੇ ਕੋਲ ਬੈਠ
ਹਵਾ ਝੱਲ ਸਾਹਾਂ ਦੀ ਪੱਖੀ ਲੈ
ਪਸੀਨੇ ਕਦੇ ਬੀਮਾਰ ਨਹੀਂ ਹੁੰਦੇ
ਨੰਗੇ ਪੈਰਾਂ ਨੂੰ ਬੂਟਾਂ ਦੀ ਨਹੀਂ
ਮੰਜ਼ਿਲਾਂ ਦੀ ਭਾਲ ਹੁੰਦੀ ਹੈ ਸਦਾ-
ਮਰਦਾਨਿਆਂ ਚੱਲ ਮੇਰੇ ਨਾਲ
'ਵਾਜ਼ ਮਾਰੀਏ ਕਾਲੂ ਦੇ ਘਰ
ਕਹਿੰਦੇ ਰਾਤ ਆਇਆ ਹੈ ਸੂਰਜ
ਕਿਸੇ ਬਹ੍ਰਿਮੰਡ ਤੋਂ
ਕਿਤੇ ਨਾਨਕ ਹੀ ਨਾ ਹੋਵੇ!!!!