ਸੜਕਾਂ ਉੱਤੇ ਉੱਡ ਉੱਡ ਕੌਣ ਆ ਰਿਹਾ ਸੀ ?
ਸੜਕਾਂ ਉੱਤੇ ਪਹਾੜਾਂ ਦੀ 'ਵਾਜ ਸੀ
ਪਹਾੜਾਂ ਦੇ ਰਾਜ਼ ਉੱਡਦੇ ਆ ਰਹੇ ਸਨ
ਜ਼ਿਮੀਂ ਦੇ ਨਜ਼ਾਰਿਆਂ ਦਾ ਹੜ੍ਹ ਸੀ ਸੜਕਾਂ 'ਤੇ।
ਬਾਜ਼ਾਂ ਦੇ ਵਾਂਗ ਨਦੀਆਂ ਨੂੰ ਛੂੰਹਦੀਆਂ
ਕਿਲਕਾਰੀਆਂ ਸੁਣਦੀਆਂ ਪਹਾੜਾਂ ਦੀਆਂ
ਜਿਉਂ ਝਪਟਦਾ ਅਸਮਾਨ ਉੱਡਦਾ ਜਾ ਰਿਹਾ ਅੱਗ 'ਤੇ—
ਕਾਲੀਆਂ ਰਾਤਾਂ 'ਚ ਛੁਪਿਆ
ਕੁੱਲ ਨਾਦ ਸੜਕਾਂ 'ਤੇ ਫਟਿਆ।
ਸਰਘੀ ਦੇ ਸੂਹੇ ਹੱਥ ਸਨ ਫੈਲੇ
ਤੱਕਨੀ ਦਾ ਸ਼ਾਂਤ ਸਬਰ ਸੀ ਏਥੇ
ਕੜਕਦਾ ਵਿਗਾਸ ਵੀ ਝੁਲਦਾ ਸੀ !
ਨਵੇਂ ਨਵੇਂ ਗਿਆਨ
ਨਵੇਂ ਨਵੇਂ ਇਲਹਾਮ
ਹਾਸਿਆਂ ਦੀ ਪਰਲੋਂ
ਤਮਾਸ਼ਿਆਂ ਦੇ ਮੇਲੇ
ਜ਼ਮਾਨਿਆਂ ਦਾ ਆਗਮ
ਪੈਮਾਨਿਆਂ ਦੇ ਵੇਲੇ
ਸੜਕਾਂ ਦੇ ਚੱਪੇ ਚੱਪੇ 'ਤੇ ਫੈਲੇ ਸਨ
ਸਾਰੀ ਜ਼ਿਮੀਂ ਹੀ ਸੜਕਾਂ 'ਤੇ ਆਈ ਸੀ