ਚੰਡੀਗੜ੍ਹ ਤੋਂ ਡਿਗਰੀ ਸਾਨੂੰ ਆਈ ਹੈ

ਚੰਡੀਗੜ੍ਹ ਤੋਂ ਡਿਗਰੀ ਸਾਨੂੰ ਆਈ ਹੈ । 

ਨੌਕਰੀਆਂ ਦੇ ਦਫ਼ਤਰ ਨੂੰ ਪਰਤਾਈ ਹੈ । 

ਕਾਊਂਟਰ ਉੱਤੇ ਬੈਠੀ ਹੋਈ ਸੋਨ-ਚਿੜੀ , 

ਬੀਅਰ-ਬਾਰ 'ਚ ਰਹਿ ਕੇ ਵੀ ਤਿਰਹਾਈ ਹੈ ।

ਜਿਹੜੀ ਥਾਂ ਤੋਂ ਮੁੱਦਤ ਪਹਿਲੋਂ ਤੁਰਿਆ ਸਾਂ, 

ਉਸ ਥਾਂ 'ਤੇ ਹੀ ਕਿਸਮਤ ਫੇਰ ਲਿਆਈ ਹੈ । 

ਸੂਰਜ ਨੇ ਸਰਕਾ ਕੇ ਪੱਲਾ ਸਰਘੀ ਦਾ , 

ਧਰਤੀ ਤੋਂ ਨੇੜੇ ਦੀ ਹੱਦ ਮੁਕਾਈ ਹੈ । 

ਲਾਲ ਹਨੇਰੀ ਆ ਕੇ ਪਾੜ ਮੁਕਾਏਗੀ,

ਟੋਏ ਤੋਂ ਟਿੱਬੇ ਦੀ ਬਹੁਤ ਉਚਾਈ ਹੈ ।

ਪੈਲੀ-ਪੈਲੀ ਤਿੱਤਰ ਲੱਭਦੇ ਫਿਰਦੇ ਹਾਂ , 

ਇਹ ਕੇਹੀ ਜਗਤਾਰ* ਨੇ ਆਦਤ ਪਾਈ ਹੈ ! 

ਮੇਰੇ ਵਰਗਾ ਹੈ ਚੌਰਸਤੇ ਦਾ ਕੈਕਟਸ,

ਜਿਸ ਤੋਂ ਹਰ ਰਾਹੀ ਨੇ ਅੱਖ ਚੁਰਾਈ ਹੈ।

📝 ਸੋਧ ਲਈ ਭੇਜੋ