ਚੰਦਰੇ ਮੌਸਮ ਨੂੰ ਕਿਉਂ ਨਈਂ ਬਦਲਦਾ, ਦੱਸੋ ਕੋਈ।
ਰੱਬ ਕਿਉਂਕਰ ਹੋ ਗਿਆ ਏਨਾ ਖਫ਼ਾ, ਦੱਸੋ ਕੋਈ।
ਦੋਸਤੋ ਪੁੱਛੋ ਨਾ ਮੈਨੂੰ ਗ਼ੈਰ ਦੇ ਘਰ ਦੀ ਖ਼ਬਰ,
ਮੈਨੂੰ ਮੇਰੇ ਆਪਣੇ ਘਰ ਦਾ ਪਤਾ, ਦੱਸੋ ਕੋਈ ।
ਵੰਡਦਾ ਸੀ ਹਰ ਗ਼ਲੀ ਹਰ ਮੋੜ 'ਤੇ ਮੁਸਕਾਣ ਜੋ,
ਉਹ ਭਲਾ ਬੰਦਾ, ਭਲਾ ਕਿੱਥੇ ਗਿਆ, ਦੱਸੋ ਕੋਈ ।
ਕਰ ਗਿਆ ‘ਹੱਵਾ’ ਨੂੰ ਬੇਪਰਦਾ ਭਰੇ ਇਜਲਾਸ ਵਿੱਚ,
ਕੌਣ ਸੀ ਉਹ ਬੇਮੁਰੱਵਤ ਬੇਹਯਾ, ਦੱਸੋ ਕੋਈ।
ਮੁੱਦਤਾਂ ਇਸ ਫ਼ਰਦ ਨੂੰ ਹੱਸਦਾ ਕਿਸੇ ਤੱਕਿਆ ਨਹੀਂ,
ਭੁੱਲ ਗਿਆ ਲੱਗਦਾ ਹੈ ਹੱਸਣ ਦੀ ਅਦਾ, ਦੱਸੋ ਕੋਈ ।