ਰੁੱਖਾਂ ਦੇ ਪਰਛਾਵੇਂ ਕੰਬਣ,
ਧਰਤੀ ਠੰਡੀ ਠਾਰ
ਸਿਖ਼ਰ ਦੁਪਹਿਰੇ, ਰਾਤ ਦੇ ਪਹਿਰੇ,
ਪੱਤਝੜ ਜਿਹੀ ਬਹਾਰ
ਕੂੰਜਾਂ ਦੀ ਥਾਂ ਅੰਬਰਾਂ ਉੱਤੇ,
ਗਿਰਝਾਂ ਬੰਨ੍ਹੀ ਡਾਰ
ਰੂਹ ਦੀ ਧੂਣੀ ਮਿਰਚਾਂ ਧੂੜੇ,
ਨਿੱਤ ਹੋਣੀ ਦੀ ਵਾਰ
ਵੇਲੇ ਦੀ ਕੰਧ ਹੇਠਾਂ ਆ ਗਏ,
ਜੀਵਨ ਦੇ ਦਿਨ ਚਾਰ
ਘਾਟੇ ਵਾਧੇ ਖਾਂਦਾ ਜਾਵੇ,
ਇਸ਼ਕੇ ਦਾ ਬਿਉਪਾਰ
ਘੁੱਟ ਘੁੱਟ ਕੱਚੀਆਂ ਗੰਢਾਂ ਲਾਵਣ,
ਰੁੱਤਾਂ ਵਰਗੇ ਯਾਰ
ਪੰਖਾਂ ਬਾਝ ਪਖੇਰੂ ਖੇਡਣ
'ਨਵੀਉਂ ਨਵੀਂ ਬਹਾਰ'
‘ਜੋ ਆਹਾ, ਸੋ ਆਹਾ’ ਲੋਕਾ
ਅੰਦਰੋਂ ਆਈਏ ਬਾਹਰ