ਤੱਤੀ ਰੇਤ ਵੀ ਬਦਨ ਤੇ ਪਾ ਪਾ ਕੇ,
ਦਿਲ ਦੀ ਅੱਗ ਨੂੰ ਨਹੀਂ ਸੀ ਬੁਝਾ ਸਕਿਆ।
ਦੇ ਕੇ ਜੋਸ਼ ਵੀ ਉਬਲਦੀ ਦੇਗ ਅੰਦਰ,
ਨਾ ਉਹ ਆਪਣਾ ਜੋਸ਼ ਮਿਟਾ ਸਕਿਆ।
ਕਰ ਕੇ ਲੋਹ ਨੂੰ ਲਾਲ ਅੰਗਾਰ ਵਾਂਗੂੰ,
ਸੀਤਲ ਹਿਰਦਾ ਨਾ ਜ਼ਰਾ ਗਰਮਾ ਸਕਿਆ।
ਬਾਕੀ ਰਿਹਾ ਬਚਿਆ ਨਾ ਤੀਰ ਕੋਈ,
ਜਿਹੜਾ ਤੀਰ ਨਹੀਂ ਸੀ ਉਹ ਚਲਾ ਸਕਿਆ।
ਕੀਤੇ ਲੱਖਾਂ ਹੀ ਜ਼ਾਲਮ ਨੇ ਜ਼ੁਲਮ ਭਾਵਂੇ,
ਪਰ ਨਾ ਆਪਣੀ ਈਨ ਮਨਾ ਸਕਿਆ।
ਐਪਰ ਜਬਰ ਤੇ ਸਬਰ ਦੀ ਜੰਗ ਅੰਦਰ,
ਚੰਦੂ ਜ਼ਰਾ ਵੀ ਫ਼ਤਹਿ ਨਾ ਪਾ ਸਕਿਆ।
ਕਦਮ ਚੁੱਕਿਆ ਸੀ ਜਿਹੜਾ ਮਗਰੂਰੀਆਂ ਦਾ,
ਉਹਨੂੰ ਅੱਗੇ ਹੀ ਅੱਗੇ ਵਧਾਵੰਦਾ ਰਿਹਾ।
ਹੋ ਕੇ ਮਸਤ ਹਕੂਮਤ ਦੇ ਨਸ਼ੇ ਅੰਦਰ,
ਹੁਕਮ ਨਵੇਂ ਤੋਂ ਨਵੇਂ ਸੁਣਾਵੰਦਾ ਰਿਹਾ।
ਜੋਤ ਬੁੱਝ ਗਈ ਸੀ ਭਾਵੇਂ ਆਤਮਾ ਦੀ,
ਪਰ ਉਹ ਦਿਲ ਦੀ ਅੱਗ ਭੜਕਾਵੰਦਾ ਰਿਹਾ।
ਬੰਦਾ ਭੁੱਲ ਕੇ ਆਪਣੀ ਬੰਦਗੀ ਨੂੰ,
ਵੈਰ ਨਾਲ ਭਗਵਾਨ ਦੇ ਪਾਵੰਦਾ ਰਿਹਾ।
ਤੱਕ ਕੇ ਤੋਰ ਉਹਦੇ ਉਹਦੀ ਨੂੰਹ ਬਦਲੀ,
ਉਹ ਨਾ ਆਪਣਾ ਰੰਗ ਵਟਾ ਸਕਿਆ।
ਐਪਰ ਜਬਰ ਤੇ ਸਬਰ ਦੀ ਜੰਗ ਅੰਦਰ,
ਚੰਦੂ ਜ਼ਰਾ ਵੀ ਫ਼ਤਹਿ ਨਾ ਪਾ ਸਕਿਆ।
ਸਾਗਰ ਸ਼ਾਂਤ ਦਾ ਰਿਹਾ ਅਡੋਲ ਐਧਰ,
ਓਧਰ ਅੱਗ ਨੇ ਭਾਂਬੜ ਮਚਾਏ ਹੋਏ ਸਨ।
ਬੇੜੀ ਸ਼ਹੁ ਵਿੱਚ ਤਰਦੀ ਸੀ ਇਸ ਪਾਸੇ,
ਓਧਰ ਲਹਿਰਾਂ ਤੂਫ਼ਾਨ ਉਠਾਏ ਹੋਏ ਸਨ।
ਭਾਣਾ ਮਿੱਠਾ ਸੀ ਐਧਰ ਮਨਾਇਆ ਜਾਂਦਾ,
ਹੁਕਮ ਖੁਦੀ ਨੇ ਉੱਧਰ ਚੜ੍ਹਾਏ ਹੋਏ ਸਨ।
ਐਧਰ ਮੌਤ ਵੀ ਹੱਸਦੀ ਸੀ ਅਮਰ ਹੋ ਕੇ,
ਹਾਸੇ ਜੀਵਨ ਦੇ ਓਧਰ ਝੁਲਸਾਏ ਹੋਏ ਸਨ।
ਨਸ਼ਤਰ ਚੋਭ ਕੇ ਰਿਸਦੇ ਛਾਲਿਆਂ ਤੇ,
ਉਹ ਨਾ ਜਿਗਰ ਦਾ ਛੇਦ ਮਿਟਾ ਸਕਿਆ।
ਐਪਰ ਜਬਰ ਤੇ ਸਬਰ ਦੀ ਜੰਗ ਅੰਦਰ,
ਚੰਦੂ ਜ਼ਰਾ ਵੀ ਫ਼ਤਹਿ ਨਾ ਪਾ ਸਕਿਆ।
ਝੁਲਸੇ ਹੋਏ ਸਿਰ ਤੇ ਰੇਤ ਪਾਈ,
ਭਾਵੇਂ ਪਾਣੀ ਨੂੰ ਅੱਗ ਵੀ ਲਾ ਦਿੱਤੀ।
ਰਿਸਦੇ ਜ਼ਖਮਾਂ ਤੇ ਛਿੜਕ ਕੇ ਲੂਣ ਪਾਪੀ,
ਭਾਵੇਂ ਜ਼ਖਮਾਂ ਦੀ ਚੀਸ ਵਧਾ ਦਿੱਤੀ।
ਆਪਣੀ ਈਨ ਮਨਵਾਉਣ ਦੇ ਲਈ ਭਾਵੇਂ,
ਕਲਾ ਨਵੀਂ ਤੋਂ ਨਵੀਂ ਜਗਾ ਦਿੱਤੀ।
ਪਰਦੇ ਕਹਿਰਾਂ ਦੇ ਪਾ ਕੇ ਮੂੰਹ ਉੱਤੇ,
ਸੋਹਣੀ ਸੂਰਤ ਵੀ ਭਾਵੇਂ ਛੁਪਾ ਦਿੱਤੀ।
ਅਰਜਨ ਗੁਰੂ ਦੀ ਬੇੜੀ "ਤੂਫਾਨ" ਅੰਦਰ,
ਪਾਪੀ ਕਦੇ ਵੀ ਨਾ ਡਗਮਗਾ ਸਕਿਆ।
ਐਪਰ ਜਬਰ ਤੇ ਸਬਰ ਦੀ ਜੰਗ ਅੰਦਰ,
ਚੰਦੂ ਜ਼ਰਾ ਵੀ ਨਾ ਫ਼ਤਹਿ ਪਾ ਸਕਿਆ।