ਚੰਗਾ ਰੱਬ ਦਾ ਰਾਹ ਦਿਖਲਾਇਆ ਮਜ੍ਹਬਾਂ ਨੇ
ਜੱਗ ਨੂੰ ਭੰਬਲਭੂਸੇ ਪਾਇਆ ਮਜ੍ਹਬਾਂ ਨੇ
ਅੱਵਲ ਅੱਲ੍ਹਾ ਇਕੋ ਨੂਰ ਉਪਾਇਆ ਸੀ
ਇਸ ਮਗਰੋਂ ਸੌ ਚੰਦ ਚੜ੍ਹਾਇਆ ਮਜ੍ਹਬਾਂ ਨੇ
'ਮਾਣਸ ਕੀ ਇੱਕ ਜਾਤ' ਪਛਾਣੇ ਕੌਣ ਭਲਾ
ਸਭ ਦੇ ਅੱਖੀ ਘੱਟਾ ਪਾਇਆ ਮਜ੍ਹਬਾਂ ਨੇ
ਵੇਦ-ਕਤੇਬਾਂ ਵਿੱਚ ਹੈ ਪਾਠ ਮੁਹੱਬਤ ਦਾ
ਪਰ ਨਫ਼ਰਤ ਦਾ ਪਾਠ ਪੜ੍ਹਾਇਆ ਮਜ੍ਹਬਾਂ ਨੇ
ਬਣਮਾਣਸ ਬਣਿਆ ਸੀ ਬੰਦਾ ਮਸਾਂ ਮਸਾਂ
ਇਸ ਨੂੰ ਬਾਂਦਰ ਫੇਰ ਬਣਾਇਆ ਮਜ੍ਹਬਾਂ ਨੇ
ਨਾਨਕ ਤੇਰੀ 'ਤੇਰਾ ਤੇਰਾ' ਕੌਣ ਸੁਣੇ
'ਮੈਂ ਮੇਰੀ' ਦਾ ਸ਼ੋਰ ਮਚਾਇਆ ਮਜ੍ਹਬਾਂ ਨੇ
ਸ਼ਰਣ ਪਏ ਨੂੰ ਕੰਠ ਕੋਈ ਹੁਣ ਲਾਉਂਦਾ ਨਹੀਂ
ਜੋ ਅੜਿਆ ਸੋ ਤਖਤ ਬਹਾਇਆ ਮਜ੍ਹਬਾਂ ਨੇ
ਗੁਰ ਪੀਰਾਂ ਨੇ ਸੱਚੇ ਮਾਰਗ ਪਾਇਆ ਸੀ
ਪਰ ਕੂੜਾ ਮਾਰਗ ਅਪਣਾਇਆ ਮਜ੍ਹਬਾਂ ਨੇ