ਨਾਨਕ ਸਾਹਿਬ ਦੇ ਪੈਰੋਕਾਰ
ਜਿਹੜੇ ਉਹਨਾਂ ਕਰਦੇ ਪਿਆਰ
ਚੰਗੇ ਲੋਕੋ ਉੱਜੜ ਜਾਓ।
ਲੋੜ ਹੈ ਤੁਹਾਡੇ ਉੱਜੜਨ ਦੀ
ਛੰਨਾਂ ਪਾਓ, ਰੁੱਖ ਲਗਾਓ
ਉੱਜੜ ਕੇ ਨਵੇਂ ਪਿੰਡ ਵਸਾਓ।
ਰੁੱਖਾਂ ਹੇਠਾਂ ਮਾਰ ਚੌਂਕੜਾ
ਜਪੁਜੀ ਸਾਹਿਬ ਧੁਰੋਂ ਪੜ੍ਹਨ ਲਈ
ਮਰਦਾਨੇ ਵਾਂਗ ਰਬਾਬ ਵਜਾਓ।
ਬਾਬੇ ਵਰਗੇ ਬੋਹੜ ਲਗਾ ਕੇ
ਜਨਮ-ਦਿਹਾੜਾ ਬਾਬੇ ਨਾਨਕ
ਲੰਗਰ ਲਾ-ਲਾ ਫਿਰ ਮਨਾਓ।
ਪਿੱਪਲ਼ ਨਾਲ਼ ਜਦ ਲੱਗਾ ਬੋਹੜ
ਰਹਿਣੀ ਨਹੀਂ ਸਾਹਾਂ ਦੀ ਥੋੜ
ਨਿੰਮਾਂ ਲਾ, ਜ਼ਖ਼ਮਾਂ ਮੱਲਮ ਬਣਾਓ।
ਧਰਤੀ-ਅੰਬਰ ਸਾਰੇ ਹੱਸਣ
ਹੱਸ-ਹੱਸ ਨਾਮ ਗੁਰਾਂ ਦਾ ਜਪਣ
ਸਾਰੇ ਮਨਾਂ ਉਹਦਾ ਚੜ੍ਹਜੇ ਚਾਓ।
ਬੇਨਤੀ ਕਰਾਂ ਸਰਬ ਹੱਥ ਜੋੜ
ਸਤਿ ਕਰਤਾਰ ਵਾਲਿਓ
ਓਹਦਾ ਫਿਰ ਨੁਸਖ਼ਾ ਅਪਣਾਓ।
ਬੇਬੇ ਨਾਨਕੀ ਵਰਗੀਆਂ ਧੀਆਂ
ਜਿਹੜੀਆਂ ਰੱਬ ਨੂੰ ਵੇਖ ਕੇ ਜਾਣਨ
ਘਰ ਘਰ ਵਿੱਚ ਤੁਸੀਂ ਜੰਮ ਵਿਖਾਓ।
ਨਾਨਕ ਸਾਹਿਬ ਦੇ ਜਨਮ ਦਿਹਾੜੇ
ਨਾਨਕ ਸਾਹਿਬ ਦੇ ਪੈਰੋਕਾਰ ਬਣ
ਖ਼ੁਸ਼ੀਆਂ ਦੇ ਪ੍ਰਸਾਦਿ ਵਰਤਾਓ।
ਲੋੜ ਹੈ ਤੁਹਾਡੇ ਉੱਜੜਨ ਦੀ
ਨਾਨਕ ਸਾਹਿਬ ਵਾਲਿਓ
ਚੰਗੇ ਲੋਕੋ ਉੱਜੜ ਜਾਓ